॥ਪਾਤਸ਼ਾਹੀ10॥.Org

....ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਗਈ ਪਾਵਨ ਬਾਣੀ ਦਾ ਸੰਗ੍ਰਿਹ

 • Increase font size
 • Default font size
 • Decrease font size

ਸ੍ਰੀ ਦਸਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ - ਪ੍ਰੋ. ਅਨੁਰਾਗ ਸਿੰਘ

E-mail Print PDF

ਸ੍ਰੀ ਦਸਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ 
 

ਪ੍ਰੋ. ਅਨੁਰਾਗ ਸਿੰਘ 
 

ਗੁਰੂ, ਪੀਰ, ਪੈਗੰਬਰ, ਰਿਸ਼ੀ-ਮੁਨੀ, ਸਤਿਪੁਰਸ਼, ਮਹਾਤਮਾ, ਵੀਰ-ਪੁਰਸ਼, ਯੋਧੇ ਅਤੇ ਅਵਤਾਰ ਇਤਿਹਾਸ ਅਤੇ ਧਰਮ ਗ੍ਰੰਥਾਂ ਦੀ ਸਿਰਜਣਾ ਕਰਦੇ ਹਨ; ਵਿਦਵਾਨ ਅਤੇ ਬੁੱਧੀਜੀਵੀ ਇਸ ਇਤਿਹਾਸ ਨੂੰ ਉਜਾਗਰ ਕਰਦੇ ਹਨ ਅਤੇ ਧਾਰਮਿਕ ਗ੍ਰੰਥਾਂ ਦਾ ਵਿਖਿਆਣ ਕਰਦੇ ਹਨ; ਸਿਆਣੇ ਲੋਕ ਇਨ੍ਹਾਂ ਦੀ ਸੰਭਾਲ ਕਰਦੇ ਹਨ ਅਤੇ ਆਪਣੇ ਜੀਵਨ ਦੇ ਮਾਰਗ-ਦਰਸ਼ਨ ਲਈ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ; ਮੂੜ-ਮੱਤ, ਸ਼ੰਕਾਵਾਦੀ ਅਤੇ ਅਖੌਤੀ ਤਰਕਸ਼ੀਲ ਇਨ੍ਹਾਂ ਦਾ ਨਾਸ਼ ਕਰਨ ਵਿੱਚ ਹੀ ਆਪਣੀ ਬੁੱਧੀ ਸਮਝਦੇ ਹਨ।  ਸਿੱਖ ਧਰਮ, ਸੰਸਾਰ ਦੇ ਸਾਰੇ ਹੀ ਧਰਮਾਂ ਵਿਚੋਂ ਅਜਿਹਾ ਇਕ ਵਿਲੱਖਣ ਧਰਮ ਹੈ ਜਿਸ ਦੇ ਕੋਲ ਆਪਣੇ ਧਾਰਮਿਕ ਗ੍ਰੰਥਾਂ ਦੇ ਮੂਲ ਆਧਾਰ ਅਤੇ ਉਨ੍ਹਾਂ ਦੇ ਉਤਾਰੇ ਮੌਜੂਦ ਹਨ।  ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਧਰਮ ਦੇ ਮੂਲ ਆਧਾਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਅਧੀਨ ਇਸ ਦੇ ਧਾਰਮਿਕ ਗ੍ਰੰਥਾਂ ਦੀ ਪ੍ਰਮਾਣਿਕਤਾ ਸੰਦਿਗਧ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਚੱਲ ਰਹੀਆਂ ਹਨ।  ਇਸ ਸੋਚ ਦੇ ਵਿਚਾਰਵਾਨਾਂ ਦੇ ਦੋ ਧੜੇ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਧੜਾ ਇਹ ਸਿੱਧ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ, ਜੋ ਕਿ ਮੌਜੂਦਾ ਸਰੂਪ ਵਿੱਚ ਸਿੱਖਾਂ ਕੋਲ ਸੁਰੱਖਿਅਤ ਹੈ, ਉਹ ਪ੍ਰਮਾਣਿਕ ਨਹੀਂ ਹੈ।  ਇਹ ਕਦੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਪਾਠਗਤ ਵਿਸ਼ਲੇਸ਼ਣ (Textual Analysis) ਦੇ ਬਹਾਨੇ ਅਤੇ ਕਦੀ ਮੀਣਿਆਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ (ਖਰੜਾ ਨੰ: 1245) ਸਥਾਪਤ ਕਰਕੇ ਉਸ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਧਾਰ ਸਰੋਤ ਪੁਸਤਕ ਦੇ ਤੌਰ 'ਤੇ ਪੇਸ਼ ਕਰਨ ਦੀ ਕੁਚੇਸ਼ਠਾ ਨੂੰ ਨਵੀਨ ਖੋਜ ਬਣਾ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।  ਇਸ ਸੋਚ ਦੇ ਧਾਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਮ ਉਪਦੇਸ਼ਕ ਕੌਂਸਲ ਤੋਂ ਤਨਖਾਹ ਵੀ ਲਗਵਾ ਚੁੱਕੇ ਹਨ।  ਇਨ੍ਹਾਂ ਵਿੱਚ ਪ੍ਰਮੁੱਖ ਹਨ ਡਾ: ਪਿਆਰ ਸਿੰਘ ਅਤੇ ਡਾ: ਪਿਸ਼ੋਰਾ ਸਿੰਘ।  ਦੂਸਰੇ ਪਾਸੇ ਇਕ ਹੋਰ ਟੋਲਾ ਭਸੌੜੀ ਸੋਚ ਨੂੰ ਲੈ ਕੇ ਇਹ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ ਸਾਹਿਬ, ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੈ।  ਇਹ ਸੋਚ ਦੇ ਧਾਰਨੀ ਬਾਬੂ ਤੇਜਾ ਸਿੰਘ ਭਸੌੜ, ਸ਼ਮਸ਼ੇਰ ਸਿੰਘ ਅਸ਼ੋਕ, ਡਾ: ਰਤਨ ਸਿੰਘ ਜੱਗੀ, ਕਰਤਾਰ ਸਿੰਘ ਬਾੜੀ, ਗਿਆਨੀ ਭਾਗ ਸਿੰਘ, ਸ੍ਰ: ਦਲਜੀਤ ਸਿੰਘ, ਸ੍ਰ: ਜਗਜੀਤ ਸਿੰਘ, ਪ੍ਰਿੰ: ਹਰਭਜਨ ਸਿੰਘ, ਦਿਵਾਨ ਸਿੰਘ, ਪ੍ਰੋ: ਹਰਿੰਦਰ ਸਿੰਘ ਮਹਿਬੂਬ, ਸ੍ਰ: ਜਸਬੀਰ ਸਿੰਘ ਮਾਨ, ਸ੍ਰ: ਗੁਰਤੇਜ ਸਿੰਘ, ਸ੍ਰ: ਮਹਿੰਦਰ ਸਿੰਘ ਜੋਸ਼, ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਸਿੱਖ ਪੰਥ ਦਾ ਮਖੌਟਾ ਪਹਿਨੇ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਆਪਣੇ ਸਵੈ-ਵਿਰੋਧੀ ਤਰਕ-ਵਿਤਰਕਾਂ ਅਤੇ ਨਿਰੋਲ ਮਿਥਿਆ ਕਥਨਾਂ ਨਾਲ ਕਿਸੇ ਵੀ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਸੰਦਿਗਧ ਕਰਨ ਲਈ ਯਤਨਸ਼ੀਲ ਹਨ।  ਇਸ ਟੋਲੀ ਦੇ ਮੋਢੀ ਬਾਬੂ ਤੇਜਾ ਸਿੰਘ ਭਸੌੜ ਨੂੰ ਗੁਰਮਤਿ ਵਿਰੋਧੀ ਅਤੇ ਸਥਾਪਤ ਤੇ ਸਰਵ-ਪ੍ਰਮਾਣਿਤ ਰਹਿਤ-ਮਰਿਯਾਦਾ ਨੂੰ ਚੁਣੌਤੀ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਕਰਕੇ 8 ਅਗਸਤ 1928 ਈ: ਨੂੰ ਪੰਥ ਵਿਚੋਂ ਖਾਰਜ ਕਰ ਦਿੱਤਾ ਗਿਆ।  ਪੂਰੇ 49 ਸਾਲ ਬਾਅਦ ਗਿਆਨੀ ਭਾਗ ਸਿੰਘ ਨੂੰ ਸ੍ਰੀ ਅਕਾਲ ਤਕਤ ਸਾਹਿਬ ਦੇ ਹੁਕਮਨਾਮੇ ਰਾਹੀਂ 5-7-1977 ਈ: ਨੂੰ ਪੰਥ ਵਿਚੋਂ ਖਾਰਜ ਕਰ ਦਿੱਤਾ ਹੈ।  ਤੇਜਾ ਸਿੰਘ ਭਸੌੜ ਦੇ ਵਾਰਸ ਸ੍ਰ: ਮਨਮੋਹਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ 3 ਮਈ 2001 ਨੂੰ ਪੇਸ਼ ਹੋ ਕੇ ਤਨਖਾਹ ਲੁਆ ਕੇ ਬਾਬੂ ਤੇਜਾ ਸਿੰਘ ਦੀਆਂ ਭੁੱਲਾਂ ਦੀ ਖਿਮਾਂ ਜਾਚਨਾ ਦੀ ਜੋਦੜੀ ਕੀਤੀ ਜੋ ਕਿ ਗੁਰਮਤਿ ਰਹਿਤ-ਮਰਿਯਾਦਾ ਅਨੁਸਾਰ ਪ੍ਰਵਾਨ ਹੋਈ।  ਇਸੇ ਤਰ੍ਹਾਂ ਗਿਆਨੀ ਭਾਗ ਸਿੰਘ ਦੇ ਪਰਿਵਾਰ ਵਲੋਂ ਇਕ ਪੁਸਤਕ ਜਨ ਪਰਉਪਕਾਰੀ ਆਏ: ਸੰਖੇਪ ਜੀਵਨੀ ਅਤੇ ਕੁਝ ਚੋਣਵੇਂ ਲੇਖ ਗਿਆਨੀ ਭਾਗ ਸਿੰਘ ਜੀ ਇਸੇ ਸਾਲ ਛਪਵਾ ਕੇ ਵੰਡੀ, ਜਿਸ ਵਿੱਚ ਵਾਰਸਾਂ ਨੇ ਇਹ ਦੱਸਣ ਵਿੱਚ ਸੰਕੋਚ ਕੀਤਾ ਹੈ ਕਿ ਗਿਆਨੀ ਭਾਗ ਸਿੰਘ ਨੂੰ ਉਨ੍ਹਾਂ ਦੀਆਂ ਗੁਰਮਤਿ ਵਿਰੁੱਧ ਲਿਖਤਾਂ ਕਾਰਨ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਜੋ ਇਸ ਗੱਲ ਦੀ ਗਵਾਹੀ ਹੈ ਕਿ ਗਿਆਨੀ ਭਾਗ ਸਿੰਘ ਦੇ ਵਾਰਸ ਵੀ ਬਾਬੂ ਤੇਜਾ ਸਿੰਘ ਦੇ ਵਾਰਸਾਂ ਵਾਂਗ ਸ਼ਰਮਸਾਰ ਹਨ।  ਗੁਰੂ ਅਰਮਦਾਸ ਜੀ ਦਾ ਆਦੇਸ਼ ਹੈ:

 •  ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥

   ਅਨੰਦ ਸਾਹਿਬ, ਪਉੜੀ 11॥ 
    

ਜੋ ਤਰਕ-ਵਿਤਰਕ ਇਨ੍ਹਾਂ ਖਰੜ ਗਿਆਨੀਆਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣ ਲਈ ਦਿੱਤੇ ਉਹ ਸਿਰਫ ਸਵੈ-ਵਿਰੋਧੀ ਹੀ ਨਹੀਂ ਬਲਕਿ ਉਨ੍ਹਾਂ ਦੀ ਅਗਿਆਨਤਾ ਦੇ ਸਬੂਤ ਵੀ ਹਨ। ਇਨ੍ਹਾਂ ਦੇ ਤਰਕ-ਵਿਤਰਕਾਂ ਦਾ ਮੂਲ ਆਧਾਰ ਹੈ-ਕੋਰੇ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰੋ, ਅਰਥਾਂ ਦੇ ਅਨਰਥ ਕਰੋ, ਸਿੱਖੀ ਸਰੂਪ ਵਿੱਚ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਗਰਮ ਤੇਲ ਪਾਓ। ਪਿਛਲੇ 78 ਸਾਲਾਂ ਤੋਂ ਸਾਡੇ ਇਹ ਖਰੜ ਗਿਆਨੀ ਭਸੌੜੀ ਸੋਚ ਨੂੰ ਮਾਂਜ-ਪੋਚ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ, ਪਰ ਸਿੱਖ ਵਿਦਵਾਨਾਂ ਨੇ ਇਨ੍ਹਾਂ ਲਿਖਤਾਂ ਦਾ ਪੁਰਜ਼ੋਰ ਖੰਡਨ ਕੀਤਾ ਜਿਸ ਦਾ ਜਵਾਬ ਦੇਣ ਵਿੱਚ ਇਹ ਸਾਰੇ ਹੀ ਗੁਰੂ-ਨਿੰਦਕ ਅਸਫਲ ਰਹੇ। 1982 ਵਿੱਚ ਪ੍ਰੋ: ਪਿਆਰਾ ਸਿੰਘ ਪਦਮ ਨੇ ਡਾ: ਰਤਨ ਸਿੰਘ ਜੱਗੀ ਦੀਆਂ ਲਿਖਤਾਂ ਦਾ ਖੰਡਨ ਆਪਣੀ ਪੁਸਤਕ ਦਸਮ ਗ੍ਰੰਥ ਦਰਸ਼ਨ ਵਿੱਚ ਕੀਤਾ।  1980 ਵਿੱਚ ਗਿਆਨੀ ਹਰਬੰਸ ਸਿੰਘ ਨੇ ਭਾਗ ਸਿੰਘ ਦੀਆਂ ਲਿਖਤਾਂ ਦਾ ਖੰਡਨ ਆਪਣੀ ਪੁਸਤਕ ਸ੍ਰੀ ਦਸਮ ਗ੍ਰੰਥ ਦਰਪਨ ਵਿੱਚ ਕੀਤਾ।  ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਲਿਖਤਾਂ ਦਾ ਖੰਡਨ ਅਮਰਜੀਤ ਸਿੰਘ ਖੋਸਾ ਨੇ ਆਪਣੀ ਪੁਸਤਕ ਸ੍ਰੀ ਦਸਮ ਗ੍ਰੰਥ ਸਾਹਿਬ: ਦਸ਼ਮੇਸ਼-ਕ੍ਰਿਤ ਪ੍ਰਮਾਣਿਕਤਾ (2006), ਕੰਵਰ ਅਜੀਤ ਸਿੰਘ ਨੇ ਆਪਣੀ ਪੁਸਤਕ ਸਭ ਦੁਸਟ ਝਖ ਮਾਰਾ (2005) ਅਤੇ ਕਾਲਾ ਅਫਗਾਨਾ ਦੇ ਕਾਲੇ ਲੇਖ (2003) ਵਿੱਚ ਕੀਤਾ। ਇਨ੍ਹਾਂ ਸ਼ੰਕਾ-ਵਾਦੀਆਂ ਦੇ ਵਿਚਾਰਾਂ ਦੇ ਖੰਡਨ ਗਿਆਨੀ ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ ਦਸਮ ਗੁਰ ਗਿਰਾ ਪ੍ਰਕਾਸ਼ ਗ੍ਰੰਥ (1888), ਗਿਆਨੀ ਈਸ਼ਰ ਸਿੰਘ ਨੇ ਆਪਣੀ ਪੁਸਤਕ ਦਸਮ ਗ੍ਰੰਥ ਸਾਹਿਬ ਜੀ ਦੇ ਖੰਡਨ, ਦਾ ਖੰਡਨ (1990) ਸ੍ਰ: ਰਣਧੀਰ ਸਿੰਘ ਨੇ ਆਪਣੀ ਪੁਸਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ ਦਸਵੇਂ ਪਾਤਿਸ਼ਾਹ ਦੇ ਗ੍ਰੰਥ ਦਾ ਇਤਿਹਾਸ (1955) ਵਿੱਚ ਕੀਤਾ। ਇਸ ਤੋਂ ਇਲਾਵਾ ਸ੍ਰ: ਕਪੂਰ ਸਿੰਘ, ਨੈਸ਼ਨਲ ਪ੍ਰੋਫੈਸਰ ਆਫ ਸਿਖਇਜ਼ਮ, ਡਾ. ਤ੍ਰਿਲੋਚਨ ਸਿੰਘ, ਡਾ. ਧਰਮ ਪਾਲ ਆਸ਼ਟਾ, ਸ੍ਰੀ ਬਲਵੰਤ ਸਿੰਘ, ਡਾ. ਜੋਧ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਭਗਵੰਤ ਸਿੰਘ ਜੀ ਹਰੀ, ਡਾ. ਧਰਮ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਮਹੀਪ ਸਿੰਘ, ਸ੍ਰ ਭਗਤ ਸਿੰਘ, ਸ੍ਰ ਗੁਰਚਰਨ ਜੀਤ ਸਿੰਘ ਲਾਂਬਾ, ਡਾ. ਜਗਜੀਤ ਸਿੰਘ, ਭਾਈ ਵੀਰ ਸਿੰਘ, ਡਾ. ਤਾਰਨ ਸਿੰਘ, ਡਾ. ਜਗਤਾਰ ਸਿੰਘ ਗਰੇਵਾਲ, ਡਾ. ਹਰਭਜਨ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਸ੍ਰੀ ਗੁਰਚਰਨ ਸਿੰਘ ਮਹਿਤਾ, ਡਾ. ਜਸਵੰਤ ਸਿੰਘ ਨੇਕੀ, ਡਾ. ਜਸਬੀਰ ਸਿੰਘ ਸਾਬਰ, ਡਾ. ਹਰਨਾਮ ਸਿੰਘ ਸ਼ਾਨ, ਡਾ. ਸਤਿੰਦਰ ਸਿੰਘ, ਡਾ. ਕੁਲਵੰਤ ਸਿੰਘ, ਪ੍ਰੋ. ਹਿੰਮਤ ਸਿੰਘ ਸੋਢੀ, ਡਾ. ਕੁਲਦੀਪ ਸਿੰਘ ਧੀਰ, ਡਾ ਮਨਮੋਹਨ ਸਹਿਗਲ, ਡਾ. ਧਰਮ ਪਾਲ ਸੈਣੀ, ਡਾ. ਹੀਰਾ ਲਾਲ ਚੋਪੜਾ ਆਦਿ ਵਿਦਵਾਨਾਂ ਨੇ ਆਪਣੀਆ ਲਿਖਤਾਂ ਰਾਹੀਂ ਦਸਮ ਗ੍ਰੰਥ ਸਾਹਿਬ ਦੇ ਵੱਖ-ਵੱਖ ਪਹਿਲੂਆਂ 'ਤੇ ਵਿਦਵਤਾ ਭਰਪੂਰ ਲੇਖ ਅਤੇ ਕਿਤਾਬਾਂ ਲਿਖੀਆਂ ਜੋ ਕਿ ਇਸ ਵਿਸ਼ੇ ਦੇ ਖੋਜੀਆਂ ਲਈ ਪ੍ਰੇਰਨਾ ਸਰੋਤ ਹਨ।  
 

ਹੁਣ ਕੁਝ ਉਹ ਵਿਦਵਾਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਕਿ ਦਸਮ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਅਸਮਰੱਥ ਰਹੇ ਹਨ। ਸਭ ਤੋਂ ਪਹਿਲਾਂ ਖੁਸ਼ਵੰਤ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਆਪਣੇ ਪੁਸਤਕ ਏ ਹਿਸਟਰੀ ਔਫ ਦੀ ਸਿੱਖਸ (ਜਿਲਦ ਪਹਿਲੀ) ਵਿੱਚ ਹਾਸੋ ਹੀਣੇ ਬਿਆਨ ਦਾਗ ਕੇ ਆਪਣੀ ਅਗਿਆਨਤਾ ਦਾ ਨਮੂਨਾ ਦਿੱਤਾ ਹੈ। ਸ੍ਰ. ਖੁਸ਼ਵੰਤ ਸਿੰਘ ਲਿਖਦੇ ਹਨ: ਦਸਮ ਗ੍ਰੰਥ ਜੋ ਭਾਈ ਮਨੀ ਸਿੰਘ ਦੇ ਨਾਮ ਨਾਲ ਪ੍ਰਚਲਤ ਹੈ, ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ 125000 ਛੰਦ ਉਚਾਰੇ ਗਏ, ਅਤੇ ਮੌਜੂਦਾ ਦਸਮ ਗ੍ਰੰਥ 125000 ਛੰਦਾਂ ਦਾ ਦਸਵਾਂ ਹਿੱਸਾ ਹੈ, ਅਤੇ ਇਸ ਲਈ ਇਸ ਨੂੰ ਦਸਮ ਗ੍ਰੰਥ ਕਹਿੰਦੇ ਹਨ ਨਾ ਕਿ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਕਾਰਨ।  ਇਸ ਵਿੱਚ ਇਤਿਹਾਸਕ ਸਤਰਾਂ ਇਸ ਤਰ੍ਹਾਂ ਸੰਕਲਿਤ ਹਨ, 'ਸਵਾ ਲਖ ਛੰਦ ਆਗੇ ਸੋਇ ਇਸ ਮੇ ਏਕ ਘਟ ਨਹੀਂ ਹੋਇ'।  ਇਸ ਦਾ ਤਰਜਮਾ ਖੁਸ਼ਵੰਤ ਸਿੰਘ ਇਸ ਤਰ੍ਹਾਂ ਕਰਦੇ ਹਨ:-125000 ਛੰਦ ਪਹਿਲਾਂ ਹੀ ਉਚਾਰੇ ਜਾ ਚੁੱਕੇ ਹਨ ਅਤੇ ਇਸ ਤੋਂ ਇਕ ਵੀ ਘੱਟ ਛੰਦ ਨਹੀਂ ਹੈ (History of the Sikhs, vol. I, p. 316) ਹੁਣ ਇਸ ਤਰਕ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਸਾਫ ਸਿੱਧ ਹੁੰਦਾ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕੁਲ 17195 ਛੰਦ ਹਨ ਜੋ ਕਿ 125000 ਦਾ 13.75% ਬਣਦਾ ਹੈ ਨਾ ਕਿ 10% ਜਿਵੇਂ ਕਿ ਸ੍ਰ:" ਖੁਸ਼ਵੰਤ ਸਿੰਘ ਨੇ ਆਪਣੇ ਗਣਿਤ ਦੇ ਮੁਤਾਬਕ ਹਿਸਾਬ ਲਾ ਕੇ ਇਕ ਨਵਾਂ ਸ਼ੋਸ਼ਾ ਛੱਡਿਆ।  ਅਸਲ ਵਿੱਚ ਖੁਸ਼ਵੰਤ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਸ ਦਸਤਖਤੀ ਪੰਨੇ ਵਿਚੋਂ ਇਹ ਸਤਰਾਂ ਦਾ ਅਨੁਵਾਦ ਕਰ ਰਹੇ ਹਨ: ਸਵਾ ਲਾਖ ਛੰਦਾਗੇ ਹੋਈ॥  ਜਾ ਮਹਿ ਏਕ ਘਾਟ ਨਹੀਂ ਹੋਈ॥  (ਸਤਰ 16)।  ਖੁਸ਼ਵੰਤ ਸਿੰਘ ਨੇ ਇਸ ਸਤਰ ਨੂੰ ਆਪਣੇ ਗਿਆਨ ਦੀ ਰੋਸ਼ਨਿ ਵਿੱਚ ਬਾਬਾ ਰਾਮ ਰਾਇ ਵਾਂਗ ਬਦਲ ਕੇ "ਹੋਈ" ਦੀ ਜਗ੍ਹਾ "ਸੋਇ" ਕਰਕੇ ਅਰਥਾਂ ਦੇ ਅਨਰਥ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਇਕ ਨਿਰਮੂਲ ਸ਼ੰਕਾ ਖੜਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।  ਜਦ ਇਹ ਸਤਰ ਪਿਛਲੀ ਸਤਰ ਨਾਲ ਪੜ੍ਹੀਏ ਤਾਂ ਉਸ ਦਾ ਅਨੁਵਾਦ ਹੈ ਕਿ ਰਾਮ ਅਵਤਾਰ ਝੱਕ ਬਚ੍ਰਿਤ ਨਾਟਕ ਦੇ 2255 ਛੰਦ ਲਿਖੇ ਜਾ ਚੁੱਕੇ ਸਨ।  ਇਸ ਤੋਂ ਇਲਾਵਾ 125000 ਛੰਦ ਹੋਰ ਲਿਖੇ ਗਏ (ਛੰਦਾਗੇ ਹੋਈ)।  ਇਸ ਸਤਰ ਵਿੱਚ ਲਫਜ਼ 'ਛੰਦਾਗੇ ਹੋਈ' ਕਿਸੇ ਤਰ੍ਹਾਂ ਵੀ ਇਹ ਜ਼ਾਹਿਰ ਨਹੀਂ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ 125000 ਛੰਦ ਹੋਰ ਉਚਾਰਨ ਕੀਤੇ ਗਏ।  ਇਹ ਬਿਲਕੁਲ ਸਪਸ਼ਟ ਸਬੂਤ ਦੇ ਰਿਹਾ ਹੈ, ਜਿੰਨੇ ਛੰਦ ਲਿਖੇ ਜਾ ਚੁੱਕੇ ਹਨ ਉਨ੍ਹਾਂ ਤੋਂ ਇਕ ਵੀ ਘੱਟ ਨਹੀਂ ਅਤੇ ਇਸ ਤੋਂ ਬਾਅਦ 125000 ਛੰਦ ਹੋਰ ਉਚਾਰੇ ਗਏ।  ਪੂਰੇ ਪੰਨੇ ਉਤੇ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਇਨ੍ਹਾਂ ਛੰਦਾਂ ਦੇ ਉਚਾਰਨ ਦੀ ਬਾਤ ਨਹੀਂ ਕੀਤੀ ਗਈ ਜੋ ਕਿ ਖੁਸ਼ਵੰਤ ਸਿੰਘ ਦੇ ਦਿਮਾਗ ਦੀ ਉਪਜ ਹੈ ਨਾ ਕਿ ਉਸ ਸਰੋਤ ਦੀ ਜਿਸ ਦਾ ਕਿ ਹਵਾਲਾ ਉਹ ਦੇ ਰਹੇ ਹਨ।  
 

1999 ਵਿੱਚ ਪ੍ਰਿੰਸੀਪਲ ਬੇਅੰਤ ਕੌਰ ਨੇ ਇਕ ਪੁਸਤਕ ਬਚਿੱਤ੍ਰ ਨਾਟਕ : ਇਕ ਅਪੂਰਵ ਕ੍ਰਿਤੀ ਲਿਖੀ ਜਿਸ ਵਿੱਚ ਉਹ ਭੰਗਾਣੀ ਦੇ ਸ਼ਹੀਦਾਂ ਦੀ ਗਿਣਤੀ ਵਿੱਚ ਬੀਬੀ ਵੀਰੋ ਜੀ ਦੇ ਪੁੱਤਰ ਸੰਗੋਸ਼ਾਹ ਅਤੇ ਸੰਗਰਾਮ ਸ਼ਾਹ ਨੂੰ ਦੋ ਵਿਅਕਤੀ ਮੰਨਦੇ ਹਨ, ਜਦ ਕਿ ਗੁਰੂ ਸਾਹਿਬ ਸਾਫ ਤੇ ਸਪੱਸ਼ਟ ਸ਼ਬਦਾਂ ਵਿੱਚ ਸੰਗੋਸ਼ਾਹ ਨੂੰ ਸੰਗਰਾਮ ਸ਼ਾਹ ਦੇ ਖਿਤਾਬ ਨਾਲ ਨਿਵਾਜ਼ ਰਹੇ ਹਨ।  ਵਿਦਵਾਨ ਲੇਖਿਕਾ ਆਪਣੀ ਪੁਸਤਕ ਦੇ ਪੰਨਾ 207 ਉਤੇ ਸੰਗੋਸ਼ਾਹ ਨੂੰ ਸੰਗਰਾਮ ਸ਼ਾਹ ਦਾ ਭਰਾ ਦੱਸ ਰਹੀ ਹੈ, ਜਦਕਿ ਬੀਬੀ ਵੀਰੋ ਜੀ ਦੇ ਪੰਜ ਪੁੱਤਰਾਂ ਦੇ ਨਾਮ ਇਤਿਹਾਸ ਵਿੱਚ ਇਸ ਤਰਤੀਬ ਵਿੱਚ ਆਉਂਦੇ ਹਨ: ਸੰਗੋਸ਼ਾਹ, ਜੀਤ ਮੱਲ, ਗੁਲਾਬ ਚੰਦ, ਗੰਗਾ ਰਾਮ, ਮਾਹਿਰੀ ਚੰਦ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਨ੍ਹਾਂ ਦੀ ਬਹਾਦਰੀ ਦਾ ਜ਼ਿਕਰ ਆਪਣੀ ਕਥਾ ਵਿੱਚ ਇਸ ਤਰ੍ਹਾਂ ਕੀਤਾ ਹੈ:  
 

 •  ਤਹਾ ਸਾਹ ਸ੍ਰੀ ਸਾਹ ਸੰਗ੍ਰਾਮ ਕੋਪੇ॥  ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ॥

   ਹਠੀ ਜੀਤ ਮੱਲੰ ਸੁ ਗਾਜੀ ਗੁਲਾਬੰ॥  ਰੰਣੰ ਦੇਖੀਐ ਰੰਗ ਰੂਪੰ ਸਹਬੰ॥4॥

   ਹਠਿਯੋ ਮਾਹਰੀ ਚੰਚਯੰ ਗੰਗ ਰਾਮੰ॥  ਜਿਨੈ ਕਿਤੀਯੰ ਜੀਤਿਯੰ ਫੋਜ ਤਾਮੰ॥

   ਕੁਪੇ ਲਾਲ ਚੰਦੰ ਕੀਏ ਲਾਲ ਰੂਪੰ॥  ਜਿਨੈ ਗੱਜਯੰ ਗਰਬ ਸਿੰਘੰ ਅਨੂਪੰ॥5॥

   ਬਚ੍ਰਿਤ ਨਾਟਕ, 8: 4-5॥ 
    

16 ਜੁਲਾਈ 2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਸ੍ਰ: ਗੁਰਤੇਜ ਸਿੰਘ ਨੇ ਇਹ ਬਿਆਨ ਦਾਗਿਆ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ 2276 ਪੰਨਿਆਂ ਵਿਚੋਂ ਸਿਰਫ 70 ਪੰਨੇ ਹੀ ਗੁਰੂ ਸਾਹਿਬ ਦੀ ਕ੍ਰਿਤ ਹਨ।  ਅੱਜ 6 ਸਾਲਾਂ ਬਾਅਦ ਵੀ ਵਿਦਵਾਨ ਲੇਖਕ 2276 ਪੰਨਿਆਂ ਵਾਲੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬੀੜ ਦੇ ਸੰਗਤਾਂ ਨੂੰ ਦਰਸ਼ਨ ਨਹੀਂ ਕਰਵਾ ਸਕੇ, ਜਿਸ ਦੇ ਦਰਸ਼ਨ ਕਰਕੇ ਵਿਦਵਾਨ ਲੇਖਕ ਨੇ ਨਿਰਮੂਲ ਤੇ ਕਾਲਪਨਿਕ ਵਿਚਾਰ ਪ੍ਰਗਟ ਕੀਤੇ।  ਪੁਰਾਣੀਆਂ ਹੱਥ ਲਿਖਤ ਬੀੜਾਂ ਦੇ ਪੱਤਰੇ ਹੁੰਦੇ ਸਨ, ਜਦ ਕਿ ਛਾਪੇ ਦੀਆਂ ਬੀੜਾਂ ਦੇ 1428 ਪੰਨੇ ਹਨ।  ਕਿਸੇ ਵੀ ਹੱਥ ਲਿਖਤ ਬੀੜ ਜਾਂ ਛਾਪੇ ਦੀ ਬੀੜ ਦੇ 2276 ਪੰਨੇ ਨਹੀਂ ਹਨ।  
 

ਸਵਰਗੀ  ਪ੍ਰਿੰਸੀਪਲ ਹਰਭਜਨ ਸਿੰਘ ਨੇ ਇਹ ਸਫੈਦ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ "ਮਹਾਂਕਾਲ" ਸ਼ਬਦ ਦਾ ਪ੍ਰਯੋਗ ਨਹੀਂ ਹੋਇਆ, ਜਦ ਕਿ ਇਸ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਕੀਤਾ ਹੈ:  
 

 •  ਜਪਿ ਗੋਬਿੰਦੁ ਗੋਪਾਲ ਲਾਲੁ॥  ਰਾਮ ਨਾਮ ਸਿਮਰਿ

   ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥1॥  ਰਹਾਉ॥  ਅੰਗ 885॥ 
    

ਇਸੇ ਤਰ੍ਹਾਂ ਸਵਰਗੀ ਸ੍ਰ: ਦਲਜੀਤ ਸਿੰਘ ਨੇ ਆਪਣੇ ਲੇਖ ਦਸਮ ਗ੍ਰੰਥ : ਇਟਸ ਹਿਸਟਰੀ ਅਤੇ ਸਵਰਗੀ ਸ: ਜਗਜੀਤ ਸਿੰਘ ਜੀ ਨੇ ਆਪਣੇ ਲੇਖ ਫਿਕਸ਼ਨਲ ਆਇਡੈਨਟਿਟੀ ਔਫ ਦਸਮ ਗ੍ਰੰਥ ਜੋ ਕਿ ਅਬਸਰੈਕਟਸ ਆਫ ਸਿੱਖ ਸਟੱਡੀਜ਼, ਜੁਲਾਈ 1990 ਵਿੱਚ ਛਪੇ ਜਿਸ ਰਾਹੀਂ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਨਿਰਮੂਲ ਸ਼ੰਕੇ ਪ੍ਰਗਟ ਕੀਤੇ ਅਤੇ ਬਿਨਾਂ ਕਿਸੇ ਇਤਿਹਾਸਕ ਸ੍ਰੋਤਾਂ ਦੀ ਪੜਤਾਲ ਕੀਤੇ ਇਹ ਤੱਤਹੀਣ ਵਿਚਾਰ ਰੱਖੇ (1) ਦਸਮ ਗ੍ਰੰਥ ਦਾ ਕੋਈ ਇਤਿਹਾਸ ਨਹੀਂ; (2) ਕਿਸੇ ਵੀ ਸਮਕਾਲੀ ਜਾਂ ਨਿਕਟਵਰਤੀ ਸਰੋਤ ਜਿਵੇਂ ਕਿ ਸ੍ਰੀ ਗੁਰ ਸੋਭਾ, ਗੁਰਬਿਲਾਸ ਪਾਤਸ਼ਾਹੀ 10, ਪਰਚੀਆਂ ਸੇਵਾ ਦਾਸ ਆਦਿ ਵਿੱਚ ਕਿਸੇ ਪ੍ਰਕਾਰ ਵੀ ਦਸਮ ਗ੍ਰੰਥ ਦਾ ਜ਼ਿਕਰ ਨਹੀਂ ਆਉਂਦਾ, ਇਸ ਲਈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਸੈਨਾਪਤਿ ਨੇ ਆਪਣੀ ਕ੍ਰਿਤ ਗੁਰ ਸੋਭਾ 1711 ਈ: ਵਿੱਚ ਸੰਪੂਰਨ ਕੀਤੀ ਤੇ ਖਾਲਸਾ ਸਾਜਨ ਤੋਂ ਪਹਿਲਾਂ ਦੀਆਂ ਘਟਨਾਵਾਂ ਬਚਿਤ੍ਰ ਨਾਟਕ ਦੇ ਆਧਾਰ 'ਤੇ 1698 ਈ: ਤੱਕ ਸਹੀ ਤੇ ਪ੍ਰਮਾਣਿਤ ਤੱਥਾਂ ਨਾਲ ਕਲਮਬੰਦ ਕਰਨ ਵਿੱਚ ਸਫਲ ਹੋਇਆ। ਪਰ ਇਸ ਤੋਂ ਬਾਅਦ ਉਹ ਕਈ ਇਤਿਹਾਸਕ ਘਟਨਾਵਾਂ ਕਲਮਬੰਦ ਕਰਨ ਵਿੱਚ ਕਈ ਥਾਂ ਟਪਲਾ ਖਾ ਗਿਆ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੀਤ ਸਿੰਘ ਤੇ ਕਈ ਥਾਂ ਰਣਜੀਤ ਸਿੰਘ ਲਿਖ ਰਿਹਾ ਹੈ (12:18, 32, 40, 9:31, 12:28, 30, 31, 37, 38, 43, 44, 49) ਅਤੇ ਜੁਝਾਰ ਸਿੰਘ ਦਾ ਸ਼ਹੀਦੀ ਅਸਥਾਨ ਚਮਕੌਰ ਸਾਹਿਬ ਦੀ ਬਜਾਇ ਸਰਹਿੰਦ ਦੱਸ ਰਿਹਾ ਹੈ। ਇਹੀ ਕਵੀ ਸੈਨਾਪਤਿ ਦਸਮ ਗ੍ਰੰਥ ਦੇ ਨਿਹਕਲੰਕੀ ਅਵਤਾਰ ਦੀ ਇਸ ਤੁਕ ਦਾ ਵੀ ਪ੍ਰਯੋਗ ਕਰ ਰਿਹਾ ਹੈ: "ਭਲੁ ਭਾਗ ਭਬਾ ਤੁਮ ਤਾਹਿ ਕਹੋ, ਗੜ੍ਹ ਆਨੰਦ ਫੇਰਿ ਬਸਾਵਹਿਗੇ" (ਦਸਮ ਗ੍ਰੰਥ ਪੰ: 581-83, ਗੁਰ ਸੋਭਾ, ਅਧਿਆਏ 19:11-12)।  ਇਸੇ ਗੁਰ ਸੋਭਾ ਦੇ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾ. ਗੰਡਾ ਸਿੰਘ ਵੀ ਇਹ ਗੱਲ ਸਵੀਕਾਰਦੇ ਹਨ ਕਿ ਕਵੀ ਸੈਨਾਪਤਿ ਦਾ ਆਧਾਰ ਸਰੋਤ ਬਚ੍ਰਿਤ ਨਾਟਕ ਹੈ ਅਤੇ ਜੋ ਗੱਲਾਂ ਉਸ ਨੇ ਸੁਣ-ਸੁਣਾ ਕੇ ਲਿਖੀਆਂ ਉਸ ਵਿੱਚ ਉਹ ਟਪਲਾ ਖਾ ਗਿਆ।  
 

ਇਸ ਇਤਿਹਾਸਕ ਤੱਥ ਤੋਂ ਇਹ ਬਿਲਕੁਲ ਸਾਫ ਹੈ ਕਿ ਦਸਮ ਗ੍ਰੰਥ ਦੇ ਉਤਾਰਿਆਂ ਦੀਆਂ ਪੋਥੀਆਂ ਭਾਈ ਮਨੀ ਸਿੰਘ ਦੀ ਸੰਪਾਦਿਤ ਬੀੜ (1734 ਈ) ਤੋਂ ਪਹਿਲਾਂ ਵੀ ਮੌਜੂਦ ਸਨ।  ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਦੱਸਣ ਵਾਲਾ ਦੂਸਰਾ ਸਰੋਤ 1734 ਵਿੱਚ ਹੀ ਤਿਆਰ ਕੀਤੀ ਸਿੱਖਾਂ ਦੀ ਭਗਤਮਾਲਾ ਹੈ, ਜਿਸ ਵੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਹੈ: "ਤਾਂ ਸਿੱਖਾਂ ਭਾਈ ਮਨੀ ਸਿੰਘ ਹੋਰਾਂ ਥੀਂ ਪ੍ਰਸ਼ਨ ਕੀਤਾ ਜੋ ਆਦਿ ਬਾਣੀ (ਗੁਰੂ ਗ੍ਰੰਥ ਸਾਹਿਬ) ਜੋ ਹੋਈ ਸੋ ਭਗਤਮਈ ਹੈ ਤੇ ਸਾਹਿਬ ਦਸਵੇਂ ਪਾਤਸ਼ਾਹ ਜੋ ਬਾਣੀ ਕੀਤੀ ਹੈ ਜੁਧਮਈ ਹੈ। ਕੈ ਇਸਤਰੀਆਂ ਦੇ ਚਰਿੱਤਰ ਹਨ।  ਇਸ ਦਾ ਸਿਧਾਂਤ ਕਿਉਂ ਕਰ ਸਮਝੀਐ।  ਤਾਂ ਭਾਈ ਜੀ ਕਹਿਆ, "ਜੈ ਅਰਜਨ ਜੁੱਧ ਦੇ ਸਮੇਂ ਸ਼ਸ਼ਤ੍ਰ ਛੋਡ ਬੈਠਾ ਸੀ ਤੇ ਕ੍ਰਿਸ਼ਨ ਮਹਾਰਾਜ ਨੇ ਉਸ ਨੂੰ ਗੀਤਾ ਉਦੇਸ਼ ਕਰਕਿ ਫੇਰ ਵਰਨ ਆਸ਼੍ਰਮ ਦਾ ਯੁੱਧ ਦ੍ਰਿੜਾਇਆ ਸੀ, ਤੈਸੇ ਹਿੰਦੂਆਂ ਨੇ ਅਹਿੰਸਾ ਧਰਮ ਜਾਣ ਕੇ ਸ਼ਸ਼ਤ੍ਰ ਛੋਡ ਦਿੱਤੇ ਹੈ ਸਨ ਤੇ ਮਲੇਸ਼ਾਂ ਨੇ ਸ਼ਸ਼ਤ੍ਰ ਪਕੜ ਲੀਤੇ ਹੈ ਸਨ ਤੇ ਹਿੰਦੂਆਂ ਵਿੱਚ ਭਗਤ ਹੋਵਨ ਨਹੀਂ ਸਨ ਦੇਂਦੇ। ਤੇ ਸਾਹਿਬ ਨੇ ਖਾਲਸੇ ਨੂੰ ਰਘੁਵੰਸ਼ ਜਾਣ ਕੇ ਫੇਰ ਰਾਜ ਲੇ ਦੇਵਣਾ ਸੀ ਤਾਂ ਜੁੱਧਮਈ ਬਾਣੀਆਂ ਉਚਾਰਨ ਕੀਤੀਆਂ ਹੈਨ ਤੇ ਸ਼ਸ਼ਤ੍ਰਾਂ ਦੀ ਵਿਦਿਆ ਦ੍ਰਿੜ ਕੀਤੀ…..ਉਪਦੇਸ਼ ਕੀਤਾ ਜੋ ਸਰੀਰ ਤੁਸਾਂ ਝੂਠੇ ਜਾਣਨੇ ਤੇ ਤੁਸਾਡੇ ਵਰਨ ਦਾ ਧਰਮ, ਜੁਧ ਹੈ, ਜੁੱਧ ਕਰਨਾਂ, ਜੀਤੋਗੇ ਤਾਂ ਰਾਜੁ ਭੋਗੋਗੇ।…ਚਰਿਤ੍ਰ ਇਸ ਵਾਸਤੇ ਲਿਖੇ ਹੈਨਿ ਜੋ ਇਸਤ੍ਰੀਆਂ ਦੇ ਭੋਗਾਂ ਵਿੱਚ ਤੁਸਾਂ ਮੰਨ ਨਹੀਂ ਬੰਧਣਾ।" (ਸਾਖੀ. 128) 
 

ਇਸੇ ਤਰ੍ਹਾਂ ਨਾਦਰ ਸ਼ਾਹ ਦੇ ਸਮਕਾਲੀ ਇਤਿਹਾਸਕਾਰ ਅਨੰਦ ਰਾਮ ਮੁਖਲਿਸ, ਜੋ ਕਿ ਪੰਜਾਬੀ ਖੱਤਰੀ ਸੀ, ਨੂੰ 1745 ਵਿੱਚ ਸੰਭਲ ਦੀ ਮਸਜਿਦ ਦਾ ਬਿਊਰਾ ਲਿਖਣ ਲੱਗਿਆਂ ਹਿੰਦੀ ਭਾਸ਼ਾ ਦੀ ਇਕ ਸਤਰ ਨੇ ਇਸ ਮਸਜਿਦ ਦੀ ਪੁਰਾਣੀ ਵਿਰਾਸਤ ਦਾ ਸੰਕੇਤਕ ਚਿੰਨ੍ਹ ਦਿੱਤਾ ਕਿ ਅਕਬਰ ਦੇ ਜ਼ਮਾਨੇ ਵਿੱਚ ਇਹ ਮਸਜਿਦ ਸ਼ਿਵ ਮੰਦਿਰ ਸੀ। ਜਿਹੜੀ ਸਤਰ ਨੇ ਅਨੰਦ ਰਾਮ ਮੁਖਲਿਸ ਦਾ ਧਿਆਨ ਇਸ ਉਜੜੀ ਇਮਾਰਤ ਦੀ ਵਿਰਾਸਤ ਵੱਲ ਦਿਵਾਇਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਰਚਿਤ ਨਿਹਕਲੰਕੀ ਅਵਤਾਰ ਵਿੱਚ ਇਸ ਤਰ੍ਹਾਂ ਸ਼ੁਸ਼ੋਭਿਤ ਹੈ: ਭਲ ਭਾਗ ਭਯਾ ਇਹ ਸੰਭਲ ਕੇ ਹਰਿਜੂ ਹਰਿਮੰਦਰ ਆਵਹਗੇ॥  (ਦਸਮ ਗ੍ਰੰਥ, ਨਿਹਕਲੰਕੀ ਅਵਤਾਰ, 141-59, ਪੰ:583)। ਅਨੰਦ ਰਾਮ ਮੁਖਲਿਸ ਦੀ ਇਹ ਖੋਜ ਦਾ ਆਧਾਰ ਗੁਰੂ ਗੋਬਿੰਦ ਸਿੰਘ ਜੀ ਰਚਿਤ ਦਸਮ ਗ੍ਰੰਥ ਹੀ ਹੈ ਨਾ ਕੋਈ ਸੰਸਕ੍ਰਿਤ ਰਚਨਾ ਜਿਸ ਤੋਂ ਕਿ ਉਹ ਅਣਜਾਣ ਸੀ। (ਇਸ ਸ੍ਰੋਤ ਦੀ ਵਾਕਫੀ ਲਈ ਮੈਂ ਸ੍ਰ: ਜੀਵਨ ਸਿੰਘ ਦਿਉਲ, ਯੂ. ਕੇ. ਵਾਲਿਆਂ ਦਾ ਅਤਿਧੰਨਵਾਦੀ ਹਾਂ)। ਕੋਇਰ ਸਿੰਘ, ਜੋ ਕਿ ਭਾਈ ਮਨੀ ਸਿੰਘ ਜੀ ਦਾ ਵਿਦਿਆਰਥੀ ਸੀ, ਨੇ ਆਪਣੀ ਕ੍ਰਿਤ ਗੁਰਬਿਲਾਸ ਪਾਤਸ਼ਾਹੀ 10, 1751 ਈ: ਵਿੱਚ ਪੂਰੀ ਕੀਤੀ, ਨੇ ਨਾ ਸਿਰਫ ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਬਚ੍ਰਿਤ ਨਾਟਕ ਦੇ ਆਧਾਰ 'ਤੇ ਕਲਮਬੰਦ ਕੀਤੀਆਂ ਬਲਕਿ ਇਸੇ ਬਚਿਤ੍ਰ ਨਾਟਕ ਵਿਚੋਂ ਇਤਿਹਾਸਕ ਹਵਾਲੇ ਵੀ ਦੇ ਰਿਹਾ ਹੈ।  (6:165)।  ਇਹੀ ਕੋਇਰ ਸਿੰਘ ਗੁਰੂ ਗੋਬਿੰਦ ਸਿੰਘ ਵਲੋਂ ਕ੍ਰਿਸ਼ਨ ਅਵਤਾਰ ਦੀ ਰਚਨਾ ਦਾ ਵੀ ਜ਼ਿਕਰ ਕਰਦਾ ਹੈ (6:2) ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ, ਜਿਨ੍ਹਾਂ ਨੇ ਇਸ ਗੁਰਬਿਲਾਸ ਦੀ ਸੰਪਾਦਨਾ ਕੀਤੀ ਅਤੇ ਡਾ: ਫੌਜਾ ਸਿੰਘ ਨੇ ਇਸ ਦੀ ਭੂਮਿਕਾ ਲਿਖੀ, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੋਇਰ ਸਿੰਘ ਦੇ ਆਧਾਰ ਸਰੋਤਾਂ ਵਿੱਚ ਬਚਿਤ੍ਰ ਨਾਟਕ ਅਤੇ ਗੁਰ ਸੋਭਾ ਪ੍ਰਮੁੱਖ ਸਨ।  
 

ਪੰਜਵਾਂ ਸਰੋਤ ਸਰੂਪ ਸਿੰਘ ਕੋਸ਼ਿਕ ਦੀਆਂ ਗੁਰੂ ਕੀਆਂ ਸਾਖੀਆਂ ਹਨ ਜੋ ਕਿ 1790 ਈ: ਵਿੱਚ ਸੰਪੂਰਨ ਹੋਈ। ਇਹ ਸਰੋਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਮਾਣਕ ਰਚਨਾ ਹੀ ਨਹੀਂ ਦਸਦਾ ਬਲਕਿ ਵੱਖ-ਵੱਖ ਰਚਨਾਵਾਂ ਲਿਖੇ ਜਾਣ ਦਾ ਉਦੇਸ਼, ਰਚਨਾ ਕਾਲ, ਉਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ਦੇ ਠੋਸ ਸਬੂਤ ਵੀ ਦਿੰਦਾ ਹੈ। ਇਹੀ ਸਰੋਤ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ 1699 ਦੀ ਵਿਸਾਖੀ ਨੂੰ ਖਾਲਸਾ ਸਾਜਣ ਸਮੇਂ ਅੰਮ੍ਰਿਤ ਤਿਆਰ ਕਰਨ ਲਈ ਪੰਜੇ ਬਾਣੀਆਂ - ਜਪੁਜੀ ਸਾਹਿਬ, ਜਾਪੁ ਸਾਹਿਬ, ਆਨੰਦੁ ਸਾਹਿਬ, ਚੌਪਈ ਅਤੇ ਸੁਧਾ ਸਵੱਈਏ ਸਾਹਿਬ ਪੜ੍ਹਨ ਦੀ ਬਾਤ ਵੀ ਕਰਦਾ ਹੈ।  ਇਸੇ ਤਰ੍ਹਾਂ ਇਸ ਸਰੋਤ ਵਿੱਚ ਮਹਾਂਕਾਲ ਨੂੰ ਸਿੱਖ ਸਿਧਾਂਤਾਂ ਮੁਤਾਬਿਕ ਪਰਮ-ਪਿਤਾ ਪ੍ਰਮਾਤਮਾ ਦੇ ਨਾਮ ਨਾਲ ਸੰਬੋਧਨ ਕੀਤਾ ਹੈ, ਨਾ ਕਿ ਸ਼ਿਵ ਜੀ ਦੇ ਨਾਮ ਨਾਲ ਜਿਵੇਂ ਕਿ ਦਸਮ ਗ੍ਰੰਥੀ ਵਿਰੋਧੀ ਜੁੰਡਲੀ ਕਰ ਰਹੀ ਹੈ। ਵਿਸਥਾਰ ਲਈ ਦੇਖੋ, ਗੁਰੂ ਕੀਆਂ ਸਾਖੀਆਂ, ਸਾਖੀ ਨੰ: 33, 38, 40, 43-45, 49, 56, 59, 60, 63, 67, 73, 78, 85, 101, 103, 105। 
 

ਛੇਵਾਂ ਸਰੋਤ ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਜੋ ਕਿ 1769-70 ਈ: ਵਿੱਚ ਸੰਪੂਰਨ ਹੋਇਆ, ਦਸਮ ਗ੍ਰੰਥ ਦੀ ਸੰਪੂਰਨਤਾ ਦਾ ਸੰਮਤ 1755 ਬ੍ਰਿ: 1698 ਈ: ਦਿੱਤਾ ਹੈ (ਚਰਣ 14: 223-24)।  ਇਸੇ ਕੇਸਰ ਸਿੰਘ ਛਿੱਬਰ ਨੇ ਆਪਣੀ ਲਿਖਤ ਵਿੱਚ ਬਚਿਤ੍ਰ ਨਾਟਕ ਨੂੰ ਆਧਾਰ ਸਰੋਤ ਹੀ ਨਹੀਂ ਬਣਾਇਆ ਬਲਕਿ ਉਸ ਵਿਚੋਂ ਸੈਨਾਪਤਿ ਵਾਂਗ ਪ੍ਰਮਾਣ ਤੇ ਹਵਾਲੇ ਵੀ ਦਿੱਤੇ।  (ਚਰਣ 14: 165-59)।  ਸੱਤਵਾਂ ਇਤਿਹਾਸਕ ਸਰੋਤ ਭਾਈ ਦੇਸਾ ਸਿੰਘ ਦਾ ਰਹਿਤਨਾਮਾ ਹੈ।  ਭਾਈ ਦੇਸਾ ਸਿੰਘ ਜੋ ਕਿ ਭਾਈ ਮਨੀ ਸਿੰਘ ਜੀ ਦੇ ਸਾਹਿਬਜ਼ਾਦੇ ਸਨ, ਆਪਣੇ ਰਹਿਤਨਾਮੇ ਵਿੱਚ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਹਵਾਲਾ ਇਸ ਤਰ੍ਹਾਂ ਦਿੰਦੇ ਹਨ:  
 

 •  ਦੁਹੂ ਗ੍ਰੰਥ ਮੈਂ ਬਾਣੀ ਜੋਈ॥  ਚੁੰਨ ਚੁੰਨ ਕੰਠ ਕਰੇ ਨਿਤ ਸੋਈ॥

   ਦਸਮੀਂ ਆਦਿ ਗੁਰੁ ਦਿਨ ਜੇਤੇ॥  ਪੁਰਬ ਸਮਾਨ ਕਹੇ ਹੈ ਤੇਤੇ॥

   … … … … … … … … … … …

   ਸੁਨਹੁ ਸਿੰਘ ਇਕ ਬਚਨ ਹਮਾਰਾ।  ਪ੍ਰਥਮੇ ਹਮ ਨੇ ਜਾਪੁ ਉਚਾਰਾ।

   ਪੁਨ ਅਕਾਲ ਉਸਤਤਿ ਜੋ ਕਹੀ।  ਬੇਦ ਸਮਾਨ ਪਾਠ ਜੋ ਅਹੀ।

   ਪੁਨ ਬਚਿਤ੍ਰ ਨਾਟਕ ਬਨਵਾਯੋ।  ਸੋਢਿ ਬੰਧ ਜਹ ਕਤਾ ਸੁਹਾਯੋ।

   ਪੁਨ ਕੋ ਚੰਡੀ ਚਰਿਤ੍ਰ ਬਣਾਏ।  ਅਮਤਰ ਕੇ ਸਭ ਕਬਿ ਮਨ ਭਏ।

   ਗਯਾਨ ਪ੍ਰਬੋਧ ਹਮ ਕਹਾ।  ਜਸ ਪਾਠ ਕਰ ਹਰਿ ਪਦ ਲਹਾ।

   ਪੁਨ ਚੌਬੀਸ ਅਵਤਾਰ ਕਹਾਨੀ।  ਬਰਨਨ ਕਰਾ ਸਮਝੀ ਸਭ ਗਯਾਨੰ।

   ਦੱਤਾਤ੍ਰੇਯਾ ਕੇ ਗੁਰੁ ਸੁਨਾਏ।  ਪੁਨ ਬਚਿਤਰ ਬਖਯਾਨ ਬਨਾਏ।

   ਤ੍ਰਿਨ ਕੋ ਭੀ ਇਕ ਗ੍ਰੰਥ ਬਖਾਨਾ।  ਪੜ੍ਹੇ ਮੂੜ੍ਹ ਸੇ ਹੋਇ ਸਯਾਨਾ।

   ਸ਼ਬਦ ਹਜ਼ਾਰੇ ਕੇ ਸੁਖਦਾਈ।  ਸਬੈ ਨ੍ਰਿਪਨ ਕੀ ਕਥਾ ਸੁਨਾਈ।

   ਜੋ ਮੈਂ ਹਿਤ ਕਰਿ ਬਰਨ ਸਵਾਰੀ।  ਪੁਨ ਕਹ ਗਤ ਨ ਕਹੂੰ ਉਚਾਰੀ।

   ਚਾਰ ਸੈ ਚਾਰ ਚਰਿਤ੍ਰ ਬਨਾਏ ਜਹਾਂ ਜੁਣਤਿਨ ਕੇ ਛਲ ਦਿਖਰਾਏ।

   ਰਹਿਤਨਾਮਾ ਭਾਈ ਦੇਸਾ ਸਿੰਘ, 32, 38॥ 
    

ਅੱਠਵਾਂ ਇਤਿਹਾਸਕ ਸਰੋਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੁਰੱਖਿਅਤ ਚਰਿਤ੍ਰੋ ਪਖਯਾਨ ਦੀ ਇਕ ਛੋਟੀ ਪੋਥੀ ਹੈ ਜੋ ਕਿ ਛੋਣਾ ਸਿੰਘ ਨੇ 6 ਵੈਸਾਖ 1780 ਬ੍ਰਿ:/ਅਪ੍ਰੈਲ 3, 1723 ਈ: ਬੁਧਵਾਰ ਨੂੰ ਤਿਆਰ ਕੀਤੀ ਅਤੇ ਇਸ ਨੂੰ ਤਰਕਸ਼ ਦੀ ਪੋਥੀ ਦਾ ਨਾਮ ਦਿੱਤਾ ਹੈ, ਜਿਸ ਤੋਂ ਇਹ ਸਾਫ ਸਿੱਧ ਹੁੰਦਾ ਹੈ ਕਿ 1723 ਈ: ਤੱਕ ਚਰਿਤ੍ਰੋ ਪਖਯਾਨ ਦੀਆਂ ਛੋਟੀਆਂ ਪੋਥੀਆਂ ਵੀ ਤਿਆਰ ਹੋ ਚੁੱਕੀਆਂ ਸਨ, ਜਿਸਨੂੰ ਕਿ ਖਾਲਸਾ ਫੌਜ ਦੇ ਜਰਨੈਲ ਆਪਣੇ ਤੀਰਾਂ ਦੇ ਤਰਕਸ਼ ਵਿੱਚ ਰੱਖਦੇ ਸਨ।  ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਅਠਾਰਵੀਂ ਸਦੀ ਵਿੱਚ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਕੇ ਆਪਣੇ ਆਚਰਣ ਨੂੰ ਕਾਇਮ ਰੱਖਿਆ ਅਤੇ ਧੀਆਂ-ਭੈਣਾਂ ਇਨ੍ਹਾਂ ਯੋਧਿਆਂ ਦੀ ਸ਼ਰਣ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਸਨ। ਇਸ ਦੇ ਉਲਟ ਧੰਨ ਹਨ ਸਾਡੇ 60-70 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦੇ ਮਨਾਂ ਵਿੱਚ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਕੇ ਸਿਵਾਏ ਕਾਮ ਵਾਸ਼ਨਾ ਦੇ ਕੁਝ ਵੀ ਉਜਾਗਰ ਨਹੀਂ ਹੋਇਆ। ਇਹੀ ਫਰਕ ਗੁਰਮੁਖ ਯੋਗੀਆਂ ਅਤੇ ਮਨਮੁੱਖ ਭੋਗੀਆਂ ਦੇ ਆਚਰਨ ਦਾ ਪ੍ਰਤੀਕ ਵੀ ਹੈ।  
 

ਜੇ ਸਾਡੇ ਸ਼ੰਕਾਵਾਦੀਆਂ ਨੇ ਹੋਰ ਵੀ ਸਬੂਤ, ਜਿਵੇਂ ਕਿ ਮਹਿਮਾ ਪ੍ਰਕਾਸ਼ (1801 ਈ), ਸੂਰਜ ਪ੍ਰਕਾਸ਼ (1843 ਈ:), ਪੰਥ ਪ੍ਰਕਾਸ਼ (1880 ਈ) ਸੁੱਖਾ ਸਿੰਘ ਦਾ ਗੁਰਬਿਲਾਸ ਪਾ: 10 (1727 ਈ) ਆਦਿ ਨੂੰ ਦੇਖਣ ਦੀ ਖੇਚਲ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਚਾਨਣਾ ਹੋ ਜਾਂਦਾ ਕਿ ਇਨ੍ਹਾਂ ਇਤਿਹਾਸਿਕ ਸਰੋਤਾਂ ਵਿੱਚ ਵੀ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਿਤ੍ਰ ਨਾਟਕ ਨੂੰ ਆਪਣਾ ਆਧਾਰ ਸਰੋਤ ਬਣਾਇਆ ਹੈ।  ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕ੍ਰਿਸ਼ਨ ਅਵਤਾਰ ਦੀ ਸਮਾਪਤੀ ਦੀ ਤਾਰੀਖ ਇਸ ਤਰ੍ਹਾਂ ਕਲਮਬੰਦ ਕੀਤੀ ਹੈ:  
 

 •  ਸਤਰਾਂ ਮੈ ਪੈਂਤਾਲ ਮੇ ਸਾਵਨ ਸੁਦਿ ਤਿਥ ਦੀ॥

   ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹੈ ਸਪੀਪ॥

   ਦਸਮ ਗ੍ਰੰਥ, ਕ੍ਰਿਸ਼ਨਾਵਤਾਰ, 2480॥ 
    

ਇਸ ਅੰਦਰੂਨੀ ਗਵਾਹੀ ਤੋਂ ਇਹ ਸਾਫ ਜ਼ਾਹਿਰ ਹੈ ਕਿ ਸਾਵਨ ਸੁਦੀ 1745 ਬਿ:/24 ਜੁਲਾਈ 1688 ਈ:, ਮੰਗਲਵਾਰ ਤੱਕ ਗੁਰੂ ਸਾਹਿਬ ਪਾਉਂਟਾ ਸਾਹਿਬ ਵਿਖੇ 2480 ਛੰਦ ਲਿਖ ਚੁੱਕੇ ਸਨ।  ਇਸ ਇਤਿਹਾਸਕ ਪ੍ਰਮਾਣ ਦੀ ਪੁਸ਼ਟੀ ਹੋਰ ਇਤਿਹਾਸਕ ਸਰੋਤਾਂ ਤੋਂ ਵੀ ਹੁੰਦੀ ਹੈ, ਜਿਨ੍ਹਾਂ ਵਿਚੋਂ ਕੋਇਰ ਸਿੰਘ ਰਚਿਤ ਗੁਰਬਿਲਾਸ ਪਤਾਸ਼ਾਹੀ 10 (6:2) ਤੇ ਸਰੂਪ ਸਿੰਘ ਕੋਸ਼ਿਕ ਦੀ ਗੁਰੂ ਕੀਆਂ ਸਾਖੀਆਂ (ਸਾਖੀ ਨੰ: 43) ਪ੍ਰਮੁੱਖ ਹਨ। 
 

ਕ੍ਰਿਸ਼ਨਾਵਤਾਰ ਦੀ ਸਮਾਪਤੀ ਤੋਂ ਤਕਰੀਬਨ ਦੋ ਮਹੀਨੇ ਬਾਅਦ ਅੱਸੂ ਸੁਦੀ 3, 1745 ਬ੍ਰਿ:/27 ਸਤੰਬਰ 1688 ਈ: ਸੋਮਵਾਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਕਾਲ ਦੀ ਪਹਿਲੀ ਲੜਾਈ, ਭੰਗਾਣੀ ਦਾ ਯੁੱਧ, ਜਿੱਤ ਕੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ।  ਇਸ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ 13, 1745 ਬ੍ਰਿ:27 ਅਕਤੂਬਰ 1688 ਈ: ਸ਼ਨੀਵਾਰ ਵਾਲੇ ਦਿਨ ਪਾਉਂਟਾ ਸਾਹਿਬ ਨੂੰ ਅਲਵਿਦਾ ਕਹਿ ਕੇ ਕਪਾਲ ਮੋਚਨ ਆ ਗਏ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਿਤ੍ਰੋ ਪਖਯਾਨ ਵਿੱਚ ਇਸ ਤਰ੍ਹਾਂ ਕਰ ਰਹੇ ਹਨ:  
 

 •  ਨਦੀ ਜਮਨਾ ਕੇ ਤੀਰ ਮੇਂ, ਤੀਰਥ ਮੁਚਨ ਕਪਾਲ॥

   ਨਗਰ ਪਾਂਵਟਾ ਛੋਰ ਹਮ, ਆਏ ਤਹਾਂ ਉਤਾਲ॥2॥

   ਦਸਮ ਗ੍ਰੰਥ, ਚਰਿਤ੍ਰੋ ਪਖਯਾਨ, ਨੰ: 71॥ 
    

ਦਸਮ ਗ੍ਰੰਥ ਦੀ ਇਹ ਅੰਦਰਲੀ ਗਵਾਹੀ ਇਸ ਗੱਲ ਦਾ ਪ੍ਰਤੀਕ ਹੈ ਕਿ 1688 ਈ: ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜਾਪੁ ਸਾਹਿਬ, ਅਕਾਲ ਉਸਤਿਤ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ, ਗਿਆਨ ਪ੍ਰਬੋਧ, ਕ੍ਰਿਸ਼ਨਾਵਤਾਰ, ਚਰਿਤ੍ਰੋ ਪਖਯਾਨ (71 ਚਰਿਤ੍ਰ ਤੱਕ) ਲਿਖ ਚੁੱਕੇ ਸਨ।  ਇਨ੍ਹਾਂ ਸਾਰੇ ਸਰੋਤਾਂ ਤੋਂ ਇਲਾਵਾ ਗੁਰੂ ਸਾਹਿਬ ਬਚਿਤ੍ਰ ਨਾਟਕ (ਆਪਣੀ ਕਥਾ) ਵਿੱਚ ਇਕ ਹੋਰ ਇਤਿਹਾਸਕ ਤੇ ਠੋਸ ਪ੍ਰਮਾਣ ਇਸ ਤਰ੍ਹਾਂ ਕਲਮਬੰਦ ਕਰ ਰਹੇ ਹਨ: 
 

  • ਤ੍ਰਿਤਯ ਬਾਣ ਮਾਰਿਯੋ ਸੁ ਪੇਟੀ ਮਝਾਂਰੰ॥  ਬਿਧਿਅੰ ਚਿਲਕਾਂਤੰ ਦੁਆਲ ਪਾਰੰ ਪਧਾਰੰ॥

   ਚੁਭੀ ਚਿੰਚ ਚਰਮੰ ਕਛੁ ਘਾਇ ਨ ਆਯੰ॥  ਕਲੰ ਕੇਵਲੰ ਜਾਨ ਦਾਸੰ ਬਚਾਯੰ॥

   ਜਬੈ ਬਾਣ ਲਾਗਿਯੋ॥  ਤਬੈ ਰੋਸ ਜਾਗਿਯੋ॥  ਦਸਮ ਗ੍ਰੰਥ, ਬਚਿਤ੍ਰ ਨਾਟਕ, 8:30-31॥ 
    

ਜਿਸ ਪੇਟੀ ਨੂੰ ਪਹਿਨ ਕੇ ਗੁਰੂ ਗੋਬਿੰਦ ਸਿੰਘ ਭੰਗਾਣੀ ਦਾ ਯੁੱਧ ਲੜ ਰਹੇ ਸਨ ਅਤੇ ਜਿਸ ਤੀਰ ਦੀ ਛੋਹ ਨੇ ਗੁਰੂ ਸਾਹਿਬ ਦੇ ਬੀਰਰਸ ਨੂੰ ਉਜਾਗਰ ਕੀਤਾ ਉਹ ਅੱਜ ਵੀ ਮਹਾਰਾਜਾ ਪਟਿਆਲਾ ਪਾਸ ਸੁਰੱਖਿਅਤ ਪਈ ਹੈ।  ਇਸ ਪੇਟੀ ਉੱਤੇ ਜਾਪੁ ਸਾਹਿਬ ਤੇ ਜਪੁਜੀ ਸਾਹਿਬ ਲਿਖਿਆ ਹੋਇਆ ਹੈ, ਜੋ ਇਸ ਗੱਲ ਦਾ ਠੋਸ ਪ੍ਰਮਾਣ ਹੈ ਕਿ ਜਾਪੁ ਸਾਹਿਬ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਆਉਣ ਤੋਂ ਪਹਿਲਾਂ ਉਚਾਰਿਆ, ਅਤੇ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਹੈ।  
 

1711-1880 ਈ: ਤੱਕ ਦੇ ਉਪਰਾਲੇ ਦਿੱਤੇ 13 ਇਤਿਹਾਸਕ ਸਬੂਤਾਂ ਅਤੇ ਪ੍ਰਮਾਣਾਂ ਤੋਂ ਇਹ ਸਾਫ ਜ਼ਾਹਿਰ ਹੈ ਕਿ ਸ੍ਰ: ਦਲਜੀਤ ਸਿੰਘ ਜੀ ਅਤੇ ਸ੍ਰ: ਜਗਜੀਤ ਸਿੰਘ ਜੀ ਆਪਣੀਆਂ ਗੁੰਮਰਾਹ ਕਰਨ ਵਾਲੀਆਂ ਯਕੜਬਾਜ਼ੀਆਂ ਲਿਖਣ ਲੱਗੇ ਇਹ ਭੁਲ ਗਏ ਕਿ ਇਤਿਹਾਸ ਕਲਪਤ ਅਟਕਲਬਾਜ਼ੀਆਂ ਤੇ ਜੁਗਤੀ ਕਥਨਾਂ ਨਾਲ ਨਹੀਂ ਸਿਰਜਿਆ ਜਾਂਦਾ ਬਲਕਿ ਇਤਿਹਾਸਕ ਪ੍ਰਮਾਣਾਂ ਦੇ ਆਧਾਰ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਨਾਲ ਹੀ ਲਿਖਿਆ ਜਾਂਦਾ ਹੈ।  ਇਸੇ ਸੰਦਰਭ ਵਿੱਚ ਈ: ਐਚ: ਕਾਰ ਨੇ ਕਿਹਾ ਹੈ: "ਇਤਿਹਾਸਕਾਰ ਤੱਥਾਂ ਤੇ ਸਬੂਤਾਂ ਤੋਂ ਬਿਨਾਂ ਪ੍ਰਭਾਵਹੀਣ ਤੇ ਨਿਰਮੂਲ ਹੈ ਅਤੇ ਤੱਥ ਆਪਣੇ ਇਤਿਹਾਸਕਾਰ ਤੋਂ ਬਿਨਾਂ ਨਿਰਮੂਲ ਤੇ ਨਿਰਜੀਵ ਹਨ" (What is History)।  ਇਹ ਸਤਿਕਾਰਯੋਗ ਵਿਦਵਾਨਾਂ ਨੇ ਕਿਸ ਉਦੇਸ਼ ਦੀ ਪੂਰਤੀ ਲਈ ਦਸਮ ਗ੍ਰੰਥ ਬਾਰੇ ਬਿਨਾਂ ਕਿਸੇ ਸਰੋਤ ਨੂੰ ਵਾਚੇ ਇਹ ਝੂਠੇ ਬਿਆਨ ਦਾਗੇ, ਉਸ ਦਾ ਖੁਲਾਸਾ ਕਰਨਾ ਕੋਈ ਔਖਾ ਨਹੀਂ ਹੈ।  ਵਿਦਵਾਨ ਲੇਖਕਾਂ ਦੀਆਂ ਲਿਖਤਾਂ ਤੋਂ ਸਾਫ ਜ਼ਾਹਿਰ ਹੈ ਕਿ ਇਨ੍ਹਾਂ ਨੇ ਆਪਣੀਆਂ ਲਿਖਤਾਂ ਦੇ ਤੱਤ ਪਹਿਲਾਂ ਨਿਰਧਾਰਿਤ ਕੀਤੇ ਤੇ ਫੇਰ ਤੱਥਾਂ ਤੋਂ ਇਸ ਲਈ ਪ੍ਰਹੇਜ਼ ਕੀਤਾ ਤਾਂ ਜੋ ਝੂਠ ਦੇ ਸਹਾਰੇ ਸ਼ਰਧਾਵਾਨ, ਵਿਚਾਰਵਾਨ ਅਤੇ ਪਾਠਕਾਂ ਨੂੰ ਦਸਮ ਗ੍ਰੰਥ ਬਾਰੇ ਗੁੰਮਰਾਹ ਕੀਤਾ ਜਾ ਸਕਦੇ

Comments (0)
Only registered users can write comments!
 
Banner

Featured Videos

Smallest Beerh of Sri Dasam GranthThis first copy of the beerh was created by Bhai Balwinder Singh (Takhat Sri Hazur Sahib) and was presented to 'Sant Sipahi' magazine
Giani Gurbachan Singh, Jathedar Sri Akal Takhat SahibGiani Gurbachan Singh, Jathedar Sri Akal Takhat Sahib, talks about maryada and his tenure as sevadaar at Sri Darbar Sahib, Muktsar Sahib. He mentions how, he as a sevadaar, used to perform seva of doing parkash and taking hukamnama from Sri Guru Granth Sahib and Sri Dasam Granth Sahib

Gurbani Recitation with Translation

Banner

New Book Released

Banner
Banner
Banner

Thus said the Master...

ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਟੈ ਹੈ ॥  ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧ (ਸ. ਹਜਾਰੇ)


Ram and Rahim whose names you are uttering cant save you. Brahma, Vishnu Shiva, Sun and Moon, all are subject to the power of Death.1. .(pg.1349)

Sri Guru Gobind Singh Sahib
Shabad Hazare

Stay Tuned!

Banner
Join us on Facebook and keep yourself updated with the contents of this website

Gurmukhs on Sri Dasam Granth

Banner
Bhai Kahn Singh Nabha
Banner
Prof. Puran Singh
Banner
Sirdar Kapur Singh
Banner
Shaheed Sant Jarnail Singh Bhindranwale
Banner
Giani Sant Singh Maskeen
Banner
Bhai Sahib Randhir Singh
Banner
Prof Sahib Singh

Guru's Sikhs

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ 

(ਕਵੀ ਗਵਾਲ, ਗੁਰ ਮਹਿਮਾ ਰਤਨਾਵਲੀ. ਪੰਨਾ 253)

 

 

Share This Article

Corrupted!

Banner

Thus said the Master...

ਏਕ ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥  ਫੋਕਟ ਧਰਮ ਸਜੇ ਸਭ ਹੀ ਹਮ ਏਕ ਹੀ ਕੌ ਬਿਧ ਨੈਕ ਪ੍ਰਮਾਨਯੋ ॥੧੫॥


Relinquishing One Lord, you worship many. Likewise Sukhdev, Prashar and Vyas were proven false due to pantheism. All have established hollow religions. I believe in One God who reveals Himself in multifarious modes.(15)

Sri Guru Gobind Singh Sahib