॥ਪਾਤਸ਼ਾਹੀ10॥.Org

....ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਗਈ ਪਾਵਨ ਬਾਣੀ ਦਾ ਸੰਗ੍ਰਿਹ

  • Increase font size
  • Default font size
  • Decrease font size

ਕ੍ਰਿਸ਼ਨਾਵਤਾਰ ਦਾ ਖੜਗ ਸਿੰਘ - ਡਾ. ਹਰਿਭਜਨ ਸਿੰਘ

E-mail Print PDF

ਕ੍ਰਿਸ਼ਨਾਵਤਾਰ ਦਾ ਖੜਗ ਸਿੰਘ
ਡਾ. ਹਰਿਭਜਨ ਸਿੰਘ

 ਮੁਖੀ, ਡਾ. ਬਲਬੀਰ ਸਿੰਘ ਸਾਹਿਤ ਕੇੰਦਰ, ਦੇਹਰਾਦੂਨ

ਜਦੋਂ ‘ਦਸਮ ਗ੍ਰੰਥ’ ਦੀ ਬਾਣੀ ਦਾ ਵਿਰੋਧ ਕਰਨ ਵਾਲੇ ਇਹ ਦਲੀਲ ਦੇਂਦੇ ਹਨ ਕਿ ਇਸ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਲ ਨਹੀਂ ਹੈ, ਤਾਂ ਇਸ ਦੀ ਬਾਣੀ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਕਈ ਤਰੀਕਿਆਂ ਨਾਲ ਇਹ ਸਥਾਪਤ ਕਰਨ ਦੀ ਭਰਪੂਰ ਚੇਸ਼ਟਾ ਕਰਦੇ ਹਨ ਕਿ ਦੋਹਾਂ ਗ੍ਰੰਥ ਦੀ ਬਾਣੀ ਵਿਚ ਪੂਰੀ ਤਰ੍ਹਾਂ ਸਮਾਨਤਾ ਹੈ। ਪਰ ਵਿਚਾਰਨ ਦੀ ਗਲ ਹੈ ਕਿ ਜੇ ਦਸਮ ਗ੍ਰੰਥ ਦੀ ਬਾਣੀ ਪੂਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਅਨੁਸਰਣ ਕਰਦੀ ਹੋਵੇ, ਫਿਰ ਤਾਂ ਨਿਸ਼ਚਿਤ ਹੀ ਇਸ ਦੀ ਕੋਈ ਜ਼ਰੂਰਤ ਨਹੀਂ ਹੋ ਸਕਦੀ ਸੀ ਜਾਂ ਫਿਰ ਇਹ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਲਈ ਜਾਂਦੀ। ਹਕੀਕਤ ਵਿਚ ‘ਦਸਮ ਗ੍ਰੰਥ’ ਦੀ ਬਾਣੀ ਦਾ ਆਸ਼ਾ-ਉਦੇਸ਼ ਗੁਰੂ ਗ੍ਰੰਥ ਸਾਹਿਬ ਨਾਲ ਇਕਰੂਪ ਤਾਂ ਹੈ, ਇਕਸਮਾਨ ਨਹੀਂ। ਹਰ ਧਰਮ ਦੇ ਦੋ ਮੁਖ ਅੰਗ ਹਨ- ਇਕ ਉਸ ਦੀ ਅਧਿਆਤਮਿਕਤਾ ਅਤੇ ਦੂਜਾ ਉਸ ਦਾ ਸੰਗਠਨਾਤਮਿਕ ਸਰੂਪ।

ਸਾਮੀ ਧਰਮਾਂ ਦੀ ਇਹ ਸਥਿਤੀ ਹੈ ਕਿ ਧਰਮ ਦੇ ਇਹ ਦੋਵੇਂ ਅੰਗ ਮੂਲ ਧਰਮ-ਗ੍ਰੰਥਾਂ ਵਿਚ ਪੂਰੀ ਤਰ੍ਹਾਂ ਰਲਗਡ ਹਨ। ਸੰਗਠਨਾਤਮਿਕ ਵਿਧੀ-ਵਿਧਾਨ ਦਾ ਪਾਲਣ ਕਰਨ ਵਾਲਾ ਹੀ, ਉਸ ਧਰਮ-ਵਿਸ਼ੇਸ਼ ਦੀ ਅਧਿਆਤਮਿਕਤਾ ਨਾਲ ਸੰਬੰਧਿਤ ਹੋ ਸਕਦਾ ਹੈ। ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਇਸ ਪਖੋਂ ਯਹੂਦੀ ਧਰਮ ਦਾ ਨਜ਼ਰੀਆ ਈਸਾਈਅਤ ਅਤੇ ਇਸਲਾਮ ਨਾਲੋਂ ਜ਼ਿਆਦਾ ਉਦਾਰਵਾਦੀ ਮੰਨਣ ਵਿਚ ਕੋਈ ਸਮਸਿਆ ਨਹੀਂ। ਪ੍ਰਾਚੀਨ ਕਾਲ ਤੋਂ ਹੀ ਵੈਦਿਕ ਧਰਮ ਵਿਚ ਅਧਿਆਤਮਿਕ ਗਿਆਨ ਅਤੇ ਧਰਮਵਾਲੰਬੀਆਂ ਦਾ ਧਾਰਮਿਕ ਵਿਵਹਾਰ ਦੋਵੇਂ ਵਖ ਰਖਣ ਦੀ ਚੇਸ਼ਟਾ ਕੀਤੀ ਗਈ ਹੈ, ਜਿਸ ਤੋਂ ਸ਼੍ਰੁਤੀ ਅਤੇ ਸਿਮਰਤੀ ਗਿਆਨ ਦੀਆਂ ਦੋ ਵਖਰੀਆਂ ਧਾਰਾਵਾਂ ਸਥਾਪਤ ਹੋ ਗਈਆਂ। ਜਿਥੇ ਸ਼੍ਰੁਤੀ ਗਿਆਨ ਧਰਮ ਦਾ ਸਾਰ ਹੈ, ਉਥੇ ਸਿਮਰਤੀ ਗਿਆਨ ਵੈਦਿਕ ਧਰਮ ਦੀਆਂ ਧਾਰਮਿਕ ਰਹੁਰੀਤੀਆਂ ਨੂੰ ਵਿਵਸਥਿਤ ਕਰਦਾ ਹੈ। ਪਰ ਪੂਜਾ-ਪ੍ਰਧਾਨ ਧਰਮ ਹੋਣ ਕਰ ਕੇ ਇਨ੍ਹਾਂ ਦੋਹਾਂ ਦਾ ਅੰਤਰ-ਸੰਬੰਧ ਇਸ ਪ੍ਰਕਾਰ ਦਾ ਹੈ ਕਿ ਸ਼੍ਰੁਤੀ-ਗਿਆਨ ਉਸੇ ਵਿਅਕਤੀ ਲਈ ਲਾਭਕਾਰੀ ਹੈ, ਜੋ ਸਿਮਰਤੀ ਅਨੁਸਾਰ ਕਰਮ-ਕਾਂਡ ਦਾ ਪਰਿਪਾਲਣ ਕਰਦਾ ਹੈ। ਸੰਗਠਨ ਦੇ ਨਿਯਮਾਂ ਅਤੇ ਅਧਿਆਤਮਵਾਦ ਦੀ ਇਸ ਰਲਗਡਤਾ ਕਾਰਨ ਇਨ੍ਹਾਂ ਵਿਚੋਂ ਕਿਸੇ ਵੀ ਧਰਮ ਅੰਦਰ ਵਿਸ਼ਵ-ਧਰਮ ਹੋਣ ਦੀਆਂ ਸੰਭਾਵਨਾਵਾਂ ਨਹੀਂ ਹਨ, ਕਿਉਂ ਜੁ ਵਿਸ਼ਵ-ਧਰਮ ਉਹੋ ਹੋ ਸਕਦਾ ਹੈ, ਜੋ ਨਿਆਰੇ ਰਹਿਣ-ਸਹਿਣ ਨੂੰ ਪ੍ਰਵਾਣ ਕਰਦਿਆਂ ਧਰਮ ਦੇ ਅਧਿਆਤਮਵਾਦ ਅਤੇ ਸੰਗਠਨ ਦੋਹਾਂ ਨੂੰ ਸਪਸ਼ਟ ਤੌਰ ਤੇ ਵਖ-ਵਖ ਰਖ ਸਕਦਾ ਹੋਵੇ। ਅਰਥਾਤ ਵਿਸ਼ਵ ਧਰਮ ਉਹੋ ਸਕਦਾ ਹੈ ਜਿਸ ਧਰਮ ਦੇ ਸੰਗਠਨ ਦਾ ਕ੍ਰਿਆਸ਼ੀਲ ਮੈਂਬਰ ਬਣੇ ਬਿਨਾ, ਜਿਗਿਆਸੂ ਉਸ ਦੀ ਰੂਹਾਨੀਅਤ ਨੂੰ ਧਾਰਨ ਕਰ ਸਕੇ। ਸਿਖ ਧਰਮ ਵਿਚ ਹੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੀ ਅਧਿਆਤਮਿਕਤਾ ਨੂੰ ਉਹ ਵੀ ਮਾਣ ਸਕਦਾ ਹੈ, ਜਿਸ ਨੇ ਵਿਧੀ ਅਨੁਸਾਰ ਸਿਖ ਧਰਮ ਗ੍ਰਹਿਣ ਨਾ ਕੀਤਾ ਹੋਵੇ। ਇਸ ਦਾ ਕਾਰਨ ਇਹ ਹੈ ਕਿ ਅਧਿਆਤਮਿਕਤਾ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਵਿਚ ਸਿਖ ਸੰਗਠਨ ਦਾ ਵਿਧੀ-ਵਿਧਾਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਾਨਵ ਏਕਤਾ ਦਾ ਹੈ, ਹਰ ਪਖ ਤੋਂ ਇਨਸਾਨੀ ਬਰਾਬਰੀ ਦਾ ਹੈ। ਇਹ ਸਰਬਸਾਂਝੀ ਗਿਆਨ-ਸਾਮਗਰੀ ਸਫਲਤਾ ਸਹਿਤ ਸੰਤ-ਜੀਵਨ ਦਾ ਨਿਰਮਾਣ ਤਾਂ ਕਰਦੀ ਹੈ, ਪਰ ਸੰਗਠਨ ਦੇ ਵਿਕਾਸ ਵਾਸਤੇ ਇਕ ਪਵਿਤਰ ਕਿਸਮ ਦੀ ਦ੍ਵੈਤ ਅਤੇ ਨਿਰਮਲ-ਹਉ ਜ਼ਰੂਰੀ ਹੈ। ਮੇਰ-ਤੇਰ ਸਿਰਜੇ ਬਿਨਾ, ਜਗਤ ਵਿਚ ਰਾਵਣ ਅਤੇ ਰਾਮ, ਕੰਸ ਅਤੇ ਕ੍ਰਿਸ਼ਨ, ਦੇਵਤੇ ਅਤੇ ਰਾਕਸ਼ ਜਾਂ ਮਨਮੁਖ ਅਤੇ ਗੁਰਮੁਖ ਦੀ ਦ੍ਵੈਤ ਸਥਾਪਤ ਕੀਤੇ ਬਿਨਾ, ਜੀਵਨ ਵਿਚ ਸੰਘਰਸ਼ ਲਈ ਉਤਸਾਹ ਨਹੀਂ ਪੈਦਾ ਹੋ ਸਕਦਾ, ਜੋ ਸੰਗਠਨ ਦੇ ਵਿਕਾਸ ਦੀ ਮੁਖ ਜ਼ਰੂਰਤ ਹੈ। ਆਪਣੇ ਸੰਗਠਨ ਦੀ ਸ਼੍ਰੇਸ਼ਠਤਾ ਮੰਨੇ ਬਿਨਾ ਸੰਗਠਨ ਦੀ ਮਜ਼ਬੂਤੀ ਸੰਭਵ ਨਹੀਂ ਹੋ ਸਕਦੀ ਅਤੇ ਇਹ ਨਿਜ-ਉਚਤਾ ਦੂਜੇ ਸੰਗਠਨ ਦੇ ਲੋਕਾਂ ਵਾਸਤੇ ਪ੍ਰੇਰਨਾ-ਸ਼੍ਰੋਤ ਨਹੀਂ ਹੋ ਸਕਦੀ। ਸਿਖ ਧਰਮ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਸਾਰੀ ਮਨੁਖਤਾ ਨੂੰ ਇਕਰੂਪ ਮੰਨ ਕੇ ਸਮ-ਦ੍ਰਿਸ਼ਟੀ ਰਖਣ ਦਾ ਉਪਦੇਸ਼ ਦਿੰਦਾ ਹੈ, ਉਥੇ ਦਸਮ ਗ੍ਰੰਥ ਮਨਮੁਖ ਅਤੇ ਗੁਰਮੁਖ ਵਿਚ ਭੇਦ ਸਥਾਪਤ ਕਰ ਕੇ ਮਨਮੁਖਾਂ ਵਿਰੁਧ ਨਿਰੰਤਰ ਸੰਘਰਸ਼ ਦੀ ਪ੍ਰੇਰਨਾ ਦੇਂਦਾ ਹੈ ; ਅਰਥਾਤ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਅਦ੍ਵੈਤਵਾਦੀ ਦ੍ਰਿਸ਼ਟੀ ਨੂੰ ਦਸਮ ਗ੍ਰੰਥ ਸੰਗਠਨ ਦੀ ਲੋੜ ਵਾਸਤੇ ਜ਼ਰੂਰੀ ਵਿਵਹਾਰਿਕ ਦ੍ਵੈਤਵਾਦ ਦਾ ਆਧਾਰ ਦੇਂਦਾ ਹੈ। ਇਸ ਸੰਬੰਧ ਵਿਚ ਚੰਡੀ ਦੀ ਵਾਰ ਦੀ ਦੂਜੀ ਪਉੜੀ ਧਿਆਨ ਦੇਣ ਯੋਗ ਹੈ-

ਖੰਡਾ ਪ੍ਰਥਮੈ ਸਾਜਿ ਕੈ ਜਿਨ ਸਭ ਸੈਸਾਰ ਉਪਾਇਆ। ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ। ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ। ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ। ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰ ਘਾਇਆ। ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ।…… 

ਦੋਹਾਂ ਗ੍ਰੰਥਾਂ ਵਿਚ ਇਕ ਵਡਾ ਅੰਤਰ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਨਮੁਖਤਾਈ ਵਿਰੁਧ ਜੂਝਣ ਉਤੇ ਕੇਂਦ੍ਰਿਤ ਹੈ, ਜਦੋਂ ਕਿ ਦਸਮ ਗ੍ਰੰਥ ਮਨਮੁਖਾਂ ਵਿਰੁਧ ਜੂਝਣ ਉਤੇ ਬਲ ਦੇਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਮਾਦਿ ਮਨਮੁਖਤਾਈਆਂ, ਜੋ ਇਸਾਨੀਅਤ ਦੀ ਸਾਂਝੀ ਸਮਸਿਆ ਹੈ, ਉਨ੍ਹਾਂ ਨਾਲ ਆਤਮ ਬਲ ਦਾ ਹਥਿਆਰ ਲੈ ਕੇ ਸੰਘਰਸ਼ ਕਰਨ ਉਪਰ ਬਲ ਦੇਂਦੀ ਹੈ, ਜਦੋਂ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਕੰਸ ਅਤੇ ਰਾਵਣ ਜੇਹੀਆਂ ਅਸੁਰੀ ਤਾਕਤਾਂ ਨੂੰ ਵਿਭਿੰਨ ਪ੍ਰਕਾਰ ਦੇ ਸ਼੍ਰੇਸ਼ਠ ਹਥਿਆਰਾਂ ਨਾਲ ਕੁਚਲ ਦੇਣ ਦੀ ਪ੍ਰੇਰਨਾ ਦੇਂਦੀਆਂ ਹਨ। ਹਕੀਕਤਨ ਜਦੋਂ ਕਾਮਾਦਿ ਨਾਲ ਸੰਘਰਸ਼ ਕਰੀਦਾ ਹੈ, ਤਾਂ ਕਾਮਾਦਿ ਤੋਂ ਪ੍ਰੇਰਿਤ ਲੋਕ-ਸਮੂਹ ਗੁਰਮੁਖ ਦਾ ਰਸਤਾ ਆ ਰੋਕਦਾ ਹੈ। ਬਹੁਤੇ ਲੋਕ ਇਸ ਗਲ ਉਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਆਪਣੇ ਕਾਮਾਦਿ ਉਤੇ ਕਾਬੂ ਪਾ ਲਿਆ ਹੈ, ਪਰ ਕੁਝ-ਕੁਝ ਗੁਰਮੁਖ ਕਾਮਾਦਿ ਨੂੰ ਸਮਾਜਿਕ-ਵਿਕ੍ਰਿਤੀ ਮੰਨ ਕੇ ਉਸ ਦੇ ਸਮੂਲ ਨਾਸ਼ ਵਾਸਤੇ ਉਸ ਦੇ ਪ੍ਰਬਲ ਸਮਰਥਕਾਂ ਨਾਲ ਜੂਝਣ ਤੋਂ ਪਿਛੇ ਨਹੀਂ ਹਟਦੇ। ਸਰਲ ਸ਼ਬਦਾਂ ਵਿਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਤ ਦਾ ਨਿਰਮਾਣ ਕਰਦਾ ਹੈ, ਜਦੋਂ ਕਿ ਦੋਵੇਂ ਗ੍ਰੰਥ ਮਿਲ ਕੇ ਉਸੇ ਤਰ੍ਹਾਂ ਸੰਤ-ਸਿਪਾਹੀ ਦੀ ਸਿਰਜਨਾ ਕਰਦੇ ਹਨ, ਜਿਵੇਂ ਹਰਿਮੰਦਰ ਅਤੇ ਅਕਾਲ ਤਖ਼ਤ ਮੀਰੀ-ਪੀਰੀ ਦਾ। ਉਪਰ ਵਰਣਿਤ ਉਦਾਰਵਾਦੀ ਵਿਵਸਥਾ ਦੇ ਕਾਰਨ ਇਹ ਗਲ ਬਹੁਤ ਸਪਸ਼ਟ ਹੈ ਕਿ ਸਿਖ ਧਰਮ ਨਾਲ ਸੰਬੰਧਿਤ ਹੋਏ ਲੋਕਾਂ ਦੇ ਦੋ ਵਰਗ ਹੋਣੇ ਹੀ ਸਨ। ਇਕ ਰੂਹਾਨੀਅਤ ਦੀ ਸਾਂਝ ਰਖਣ ਵਾਲੇ ਅਤੇ ਦੂਜੇ ਉਸ ਰੂਹਾਨੀਅਤ ਦੇ ਆਧਾਰ ਉਤੇ ਬਣੇ ਸਾਂਝੇ ਸੰਗਠਨ ਦੇ ਮੈਂਬਰ। ਜਿਹੜੇ ਲੋਕ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਤਕ ਸਹਿਮਤ ਹਨ, ਉਹ ਸਹਿਜਧਾਰੀ ਹਨ ਅਤੇ ਜਿਹੜੇ ਗੁਰਬਾਣੀ ਦੇ ਨਾਲ-ਨਾਲ ਦਸਮ ਗ੍ਰੰਥ ਦੀ ਪ੍ਰੇਰਨਾ ਦੇ ਆਧਾਰ ਉਤੇ ਰੂਹਾਨੀਅਤ-ਵਿਰੋਧੀ ਅਨਸਰਾਂ ਨਾਲ ਦੋ ਹਥ ਕਰਨ ਵਾਸਤੇ ਵੀ ਤਿਆਰ ਹਨ, ਉਹ ਅਮ੍ਰਿਤਧਾਰੀ ਖਾਲਸੇ ਹਨ। ਇਸ ਸੰਬੰਧ ਿਸਾਡੇ ਮਨਾਂ ਵਿਚ ਕੋਈ ਦੁਚਿਤੀ ਨਹੀਂ ਹੋਣੀ ਚਾਹੀਦੀ ਕਿ ਖਾਲਸੇ ਦੇ ਰੂਪ ਵਿਚ ਵਿਸ਼ਵ ਧਰਮ ਦੀ ਕਲਪਨਾ ਕਰਨੀ ਔਰੰਗ਼ਜ਼ੇਬੀ ਸੋਚ ਹੈ, ਜਦੋਂ ਕਿ ਗੁਰੂ ਘਰ ਦੀ ਸੋਚ ਨਿਆਰੇਪਨ ਵਿਚ ਏਕਤਾ ਦੀ ਹੈ। ਸੰਗਠਨਾਤਮਿਕ ਰੁਚੀਆਂ ਨੂੰ ਨਾਲ ਪ੍ਰਫੁਲਿਤ ਕਰਨ ਕਰ ਕੇ ਹੀ ਦਸਮ ਗ੍ਰੰਥ ਦੀ ਬਾਣੀ ਅਮ੍ਰਿਤਧਾਰੀਆਂ ਵਿਚ ਹੀ ਪ੍ਰਚਲਿਤ ਹੋਈ ਸਹਿਜਧਾਰੀਆਂ ਵਿਚ ਨਹੀਂ। ਇਸ ਸਥਿਤੀ ਵਿਚ ਦਸਮ ਗ੍ਰੰਥ ਬਾਰੇ ਇਸ ਤਰ੍ਹਾਂ ਪ੍ਰਚਾਰ ਕਰਨਾ ਕਿ ਇਹ ਬ੍ਰਾਹਮਣਵਾਦੀ ਤਾਕਤਾਂ ਨੂੰ ਬਲ ਪ੍ਰਦਾਨ ਕਰਨ ਵਾਲਾ ਗ੍ਰੰਥ ਹੈ, ਪੂਰੀ ਤਰ੍ਹਾਂ ਨਿਰਮੂਲ ਵਿਚਾਰ ਹੈ। ਜੇ ਇਹ ਸਚ ਹੁੰਦਾ ਤਾਂ ਸਹਿਜਧਾਰੀ ਦਸਮ ਗ੍ਰੰਥ ਪੜ੍ਹਦੇ, ਜਦੋਂ ਕਿ ਅਮ੍ਰਿਤਧਾਰੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ।

ਵਾਸਤਵ ਵਿਚ ਗੁਰੂ ਗ੍ਰੰਥ ਸਾਹਿਬ ‘ਅਕਾਲ-ਪੁਰਖ’ ਦੀ ਗਾਥਾ ਹੈ, ਜਦੋਂ ਕਿ ਦਸਮ ਗ੍ਰੰਥ ‘ਕਾਲ-ਪੁਰਖ’ ਦਾ ਵਰਣਨ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਉਹ ਸਚ ਹੈ, ਜੋ ਸਰਬਕਾਲੀ ਹੈ। ਉਸ ਸਮਸਿਆ ਦਾ ਹਲ ਹੈ, ਜੋ ਯੁਗਾਂ-ਯੁਗਾਂਤਰਾਂ ਤੋਂ ਮਨੁਖਤਾ ਦੇ ਨਾਲ ਹੈ। ਕਾਮਾਦਿ ਉਹ ਵਿਕਾਰ, ਜੋ ਕਿਸੇ ਖ਼ਾਸ ਕਾਲ ਵਿਚ ਮਨੁਖਤਾ ਅੰਦਰ ਪ੍ਰਵੇਸ਼ ਨਹੀਂ ਕਰਦੇ ਅਤੇ ਜਿਨ੍ਹਾਂ ਦਾ ਪ੍ਰਤਾਪ ਸਮੇਂ ਦੇ ਬਦਲਾਅ ਤੋਂ ਪ੍ਰਭਾਵਿਤ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਹੈ, ਪਰ ਦਸਮ ਗ੍ਰੰਥ ਦਾ ਸੰਬੰਧ ਸਮੇਂ ਨਾਲ ਹੈ। ਸਮੇਂ ਨਾਲ ਆਉਂਦੇ ਉਤਰਾਅ-ਚੜਾਅ ਅਤੇ ਮਨਮੁਖਤਾ ਅਥਵਾ ਗੁਰਮੁਖਤਾਈ ਦੇ ਕਾਲ-ਘੇਰੇ ਵਿਚ ਹੋਏ ਸੰਘਰਸ਼ਾਂ ਦਾ ਵਰਣਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮੇਸ਼ਰ ਦੇ ਗੁਣਾਂ ਦਾ ਵਖਿਆਣ ਹੈ ਅਤੇ ਗੁਣ-ਆਧਾਰਿਤ ਨਾਵਾਂ ਨੂੰ ‘ਕਿਰਤਮ ਨਾਮ’ ਕਿਹਾ ਜਾਂਦਾ ਹੈ। ਗੁਣ ਸਰਬ-ਕਾਲੀ ਹੋਣ ਕਰ ਕੇ ਸਮੇਂ-ਵਿਸ਼ੇਸ਼ ਤੋਂ ਉਪਰ ਸਥਿਤ ਹਨ, ਜਿਸ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਗੁਣ-ਮੂਲ ਪਰਮੇਸ਼ਰ ‘ਅਕਾਲ-ਪੁਰਖ’ ਹੈ। ‘ਅਕਾਲ’ ਵਾਹਿਗੁਰੂ ਦਾ ਇਕ ਮੁਖ ਗੁਣ ਹੈ, ਇਸ ਕਰ ਕੇ ਗੁਰੂ ਗ੍ਰੰਥ ਸਾਹਿਬ 'ਅਕਾਲ' ਦੀ ਵਿਆਖਿਆ ਹੈ। ਪਰ ਜੋ ਪਰਮੇਸ਼ਰ ਸਮੇਂ ਤੋਂ ਉਪਰ ਹੈ, ਉਹੀ ਸਮੇਂ ਅੰਦਰ ਵੀ ਹੈ, ਯਥਾ-

ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਜੇ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਗੁਰੂ ਜੀ ਨੇ ਦਸਮ ਗ੍ਰੰਥ ਦਾ ਪ੍ਰਯੋਜਨ ‘ਕਰਮ ਨਾਮ ਬਰਨਤ ਸੁਮਤਿ’ ਕਹਿ ਕੇ ਜਾਪੁ ਬਾਣੀ ਦੇ ਪਹਿਲੇ ਹੀ ਛੰਦ ਵਿਚ ਸਪਸ਼ਟ ਕਰ ਦਿਤਾ ਹੈ। ਕਰਮ-ਨਾਮ ਦਾ ਸੰਬੰਧ ਪਰਮੇਸ਼ਰ ਦੇ ਉਨ੍ਹਾਂ ਕੌਤਕਾਂ ਨਾਲ ਹੈ, ਜੋ ਵਿਸ਼ੇਸ਼ ਕਰ ਕੇ ਉਹ ਧਾਰਮਿਕ ਵਿਵਸਥਾ ਬਹਾਲ ਕਰਨ ਵਾਸਤੇ ਵਿਭਿੰਨ ਸਮਿਆਂ ਵਿਚ ਅਵਤਾਰੀ ਪੁਰਖਾਂ ਰਾਹੀਂ ਇਤਿਹਾਸ ਵਿਚ ਪ੍ਰਵੇਸ਼ ਕਰ ਕੇ ਵਰਤਾਂਦਾ ਹੈ। ਇਥੇ ਇਹ ਗਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਜੀ ਨੇ ਅਵਤਾਰੀ-ਪੁਰਖਾਂ ਦੀ ਸਤਿਆ ਨੂੰ ਪਰਮੇਸ਼ਰ ਦੀ ਸਮਰਥਾ ਸਵੀਕਾਰ ਕਰ ਕੇ ਉਨ੍ਹਾਂ ਵਲੋਂ ਵਰਤਾਏ ਦੈਵੀ-ਕੌਤਕਾਂ ਨੂੰ ਪਰਮ-ਸਤਾ ਵਿਚ ਅਭੇਦ ਕਰ ਕੇ ਪਰਮੇਸ਼ਰ ਨੂੰ ਕਰਮ-ਨਾਮ ਦਿਤੇ ਹਨ। ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਰਾਹੀਂ ਅਕਾਲ-ਪੁਰਖ ਨੇ 'ਮੁਰ' ਰਾਕਸ਼ ਨੂੰ ਮਾਰਿਆ ਅਤੇ 'ਮੁਰ' ਦਾ ਅਰਿ (ਵੈਰੀ) ਹੋਣ ਕਰ ਕੇ ਸ੍ਰੀ ਕ੍ਰਿਸ਼ਨ ਦਾ 'ਮੁਰਾਰੀ' ਨਾਮ ਪਰਮੇਸ਼ਰ ਦਾ ਕਰਮ-ਨਾਮ ਮੰਨਿਆ ਗਿਆ। ਇਸ ਤਰ੍ਹਾਂ ਦਸਮ ਗ੍ਰੰਥ ਕਰਮ-ਨਾਮ ਦੀ ਗਾਥਾ ਹੈ। ਕਰਮ-ਨਾਮ ਦਾ ਸੰਬੰਧ ਕਿਉਂਕਿ ਇਤਿਹਾਸ ਨਾਲ ਜਾਂ ਕਥਾ-ਪੁਨੀਤ ਨਾਲ ਹੈ, ਇਸ ਕਰ ਕੇ ਕਰਮ-ਨਾਮ ਦਾ ਬਿਆਨ ਕਥਾ-ਪੁਨੀਤ ਬਿਨਾ ਜੇ ਕਰ ਵੀ ਲਈਏ, ਤਾਂ ਉਹ ਬਹੁਤ ਪ੍ਰਭਾਵਕਾਰੀ ਨਹੀਂ ਹੋ ਸਕਦਾ। ਕਥਾ-ਪੁਨੀਤ ਸੰਗਠਨ ਨੂੰ ਮਜ਼ਬੂਤੀ ਦੇਣ ਵਾਲੀ ਹੈ, ਇਸ ਕਰ ਕੇ ਇਸ ਤੋਂ ਬਿਨਾ ਕੌਮਾਂ ਦਾ ਪ੍ਰਫੁਲਿਤ ਹੋਣਾ ਅਤੇ ਸੰਗਠਨ ਦਾ ਮਜ਼ਬੂਤ ਹੋਣਾ ਸੰਭਵ ਨਹੀਂ ਹੈ। ਇਹੀ ਕਾਰਨ ਹੈ ਕਿ ਬਾਹਰੀ ਦੁਸ਼ਮਣ ਨੇ ਜਦੋਂ ਸਿਖ ਸੰਗਠਨ ਉਪਰ ਪਹਿਲਾ ਵਡਾ ਹਮਲਾ ਕੀਤਾ ਤਾਂ ਸੰਗਠਨ ਨੂੰ ਮਜ਼ਬੂਤੀ ਦੇਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਢਾਡੀ ਵਾਰਾਂ ਦੇ ਗਾਇਨ ਰਾਹੀਂ ਕਥਾ-ਪੁਨੀਤ ਦੇ ਬਿਆਨ ਦੀ ਪਕੀ ਵਿਵਸਥਾ ਕਰ ਦਿਤੀ। ਕਥਾ-ਪੁਨੀਤ ਦਾ ਸੰਬੰਧ ਸੰਸਕ੍ਰਿਤੀ-ਵਿਸ਼ੇਸ਼ ਨਾਲ ਹੈ, ਇਸ ਕਰ ਕੇ ਹਰ ਕੌਮ ਵਾਸਤੇ ਉਹੋ ਕਥਾ-ਪੁਨੀਤ ਸਾਰਥਕ ਹੋ ਸਕਦੀ ਹੈ, ਜੋ ਉਸ ਦੀ ਸੰਸਕ੍ਰਿਤੀ ਨਾਲ ਸੰਬੰਧਿਤ ਹੋਵੇ। ਦਸਮ ਗ੍ਰੰਥ ਵਿਚ ਉਹੋ ਕਥਾ ਕਹਾਣੀਆਂ ਨਵੀਂ ਰੰਗਤ ਵਿਚ ਹਨ, ਜੋ ਸਾਡੇ ਬਜ਼ੁਰਗ਼ਾਂ ਦੀ ਚਿਤ-ਬਿਰਤੀ ਵਿਚ ਸਥਿਤ ਸਨ। ਜੇ ਵਿਸ਼ੇਸ਼ ਅਧਿਆਤਮਿਕ ਮਾਰਗ ਨੂੰ ਕੌਮੀਅਤ ਵਿਚ ਸੂਤ੍ਰ-ਬਧ ਕਰਨਾ ਹੈ, ਰਾਜਨੀਤੀ ਨੂੰ ਧਰਮ ਦਾ ਇਕ ਅਭਿੰਨ ਅੰਗ ਮੰਨਣਾ ਹੈ ਅਤੇ ਕੌਮ-ਵਿਸ਼ੇਸ਼ ਦੇ ਰਾਜਨੀਤਿਕ ਹਿਤਾਂ ਨੂੰ ਸੁਰਖਿਅਤ ਰਖਣਾ ਹੈ, ਤਾਂ ਕਥਾ-ਪੁਨੀਤ ਨੂੰ ਧਰਮ ਦਾ ਅਹਿਮ ਅੰਗ ਮੰਨਣਾ ਪਵੇਗਾ।

ਇਸ ਤਰ੍ਹਾਂ ਕਥਾ-ਪੁਨੀਤ ਤੋਂ ਉਪਜਣ ਵਾਲੇ ਕਰਮ-ਨਾਮ ਅਤੇ ਦੈਵੀ-ਗੁਣ-ਆਧਾਰਿਤ ਕਿਰਤਮ-ਨਾਮ ਵਿਚ ਜੇ ਭੇਦ ਕਰਨਾ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ ਜਿਥੇ ਕਿਰਤਮ-ਨਾਮ ਗੁਰਮੁਖ ਬਣਾ ਸਕਦਾ ਹੈ, ਉਥੇ ਗੁਰਮੁਖਾਂ ਨੂੰ ਜਮਾਤ ਦਾ ਰੂਪ ਦੇਣ ਵਾਸਤੇ ਕਿਰਤਮ-ਨਾਮ ਦੇ ਨਾਲ-ਨਾਲ ਕਰਮ-ਨਾਮ ਦੇ ਆਸਰੇ ਦੀ ਜ਼ਰੂਰਤ ਹੈ। ਇਹ ਗਲ ਹੋਰ ਸਮਝਣ ਵਾਲੀ ਹੈ ਕਿ ਮਹਾਪੁਰਖਾਂ ਦੇ ਬਚਨਾਂ ਨੂੰ ਸਮਝਣਾ ਫਿਰ ਵੀ ਕੁਝ ਆਸਾਨ ਹੈ, ਉਨ੍ਹਾਂ ਦੇ ਕੌਤਕਾਂ ਨੂੰ ਜਾਨਣਾ ਹੋਰ ਵੀ ਮੁਸ਼ਕਿਲ ਹੁੰਦਾ ਹੈ। ਇਸੇ ਕਰਕੇ ਪੈਗ਼ੰਬਰਾਂ ਦੇ ਜੀਵਨ-ਵਿਵਹਾਰ ਦੀਆਂ ਕਈ ਕਥਾਵਾਂ ਜੋ ਧਰਮ ਦੇ ਆਰੰਭ ਵਿਚ ਪਵਿਤਰ ਮੰਨੀਆਂ ਜਾਂਦੀਆਂ ਹਨ, ਮਗਰੋਂ ਆ ਕੇ ਦਲੀਲਾਂ ਰਾਹੀਂ ਰਦ ਕਰ ਦਿਤੀਆਂ ਜਾਂਦੀਆਂ ਹਨ, ਜਦੋਂ ਕਿ ਉਨ੍ਹਾਂ ਦੇ ਰੂਹਾਨੀ ਬਚਨਾਂ ਉਤੇ ਕਦੇ ਵੀ ਕਿੰਤੂ ਨਹੀਂ ਕੀਤਾ ਜਾਂਦਾ। ਇਸ ਦਾ ਵਡਾ ਕਾਰਨ ਇਹ ਹੈ ਕਿ ਮਹਾਪੁਰਖ ਜਦੋਂ ਉਪਦੇਸ਼ਾਤਮਿਕ ਬਾਣੀ ਉਚਾਰਦੇ ਹਨ, ਤਾਂ ਇਕ ਨਿਸ਼ਚਿਤ ਰੂਹਾਨੀ ਉਚਾਈ ਤੋਂ ਬੋਲੇ ਬਚਨਾਂ ਨੂੰ ਹੀ ਉਹ ਪਵਿਤਰਤਾ ਨਾਲ ਸੰਬੰਧਿਤ ਕਰਦੇ ਹਨ, ਜਦੋਂ ਕਿ ਇਨਸਾਨ ਪ੍ਰਤੀ ਮੁਹਬਤ ਕਾਰਨ ਜੀਵਨ-ਅਮਲ ਵਿਚ ਉਨ੍ਹਾਂ ਨੂੰ ਪਾਪੀਆਂ ਅਤੇ ਪੁੰਨ-ਕਰਮੀਆਂ ਦੋਹਾਂ ਦੇ ਨਾਲ ਖੜੋਣਾ ਪੈਂਦਾ ਹੈ। ਕਈ ਵਾਰੀ ਇਤਂਨਾ ਨੀਚੇ ਉਤਰਨਾ ਪੈਂਦਾ ਹੈ ਕਿ ਓਪਰੀ ਸ਼ਰਧਾ ਵਾਲੇ ਨਿਰੋਲ ਬੁਧੀਵਾਦੀ ਧਰਮ-ਸ਼ਾਸਤਰੀ ਝੂਠਾ ਰੌਲਾ ਪਾ ਦੇਂਦੇ ਹਨ ਕਿ ਅਮਕਾ ਕਰਮ ਕੋਈ ਮਹਾਪੁਰਖ ਕਰ ਹੀ ਨਹੀਂ ਸਕਦਾ। ਪਰ ਇਹ ਤਾਂ ਰਹਿਬਰ ਨੂੰ ਹੀ ਪਤਾ ਹੈ ਕਿ ਇਨਸਾਨੀ-ਅਮਲ ਧਾਰਨ ਕੀਤੇ ਬਿਨਾ ਉਹ ਡਿਗਿਆਂ ਹੋਇਆਂ ਨੂੰ, ਪਤਿਤ ਹੋਇਆਂ ਨੂੰ ਉਚੇ ਉਠਣ ਦਾ ਆਤਮ-ਬਲ ਤਾਂ ਦੇ ਸਕਦੇ ਹਨ, ਪਰ ਲੈਣ ਵਾਲੇ ਅੰਦਰ ਇਹ ਆਤਮ-ਵਿਸ਼ਵਾਸ ਨਹੀਂ ਜਾਗ੍ਰਿਤ ਹੁੰਦਾ ਕਿ ਉਹ ਵੀ ਉਚਾ ਉਠ ਸਕਦਾ ਹੈ। ਇਹ ਵਿਸ਼ਵਾਸ ਤਦੋਂ ਜਾਗ੍ਰਿਤ ਹੁੰਦਾ ਹੈ ਜਦੋਂ ਰਹਿਬਰ ਉਸ ਵਰਗੀ ਸਥਿਤੀ ਵਿਚ ਆਪ ਪ੍ਰਵੇਸ਼ ਕਰੇ। ਇਸੇ ਕਾਰਨ ਗੁਰੂ ਨੂੰ ਜੋਗਾ ਸਿੰਘ ਦੀ ਪ੍ਰੀਤ ਵੇਸ਼ਵਾ ਦੇ ਦਰ ਤਕ ਵੀ ਲੈ ਆਉਂਦੀ ਹੈ। ਭਾਵੇਂ ਇਸ ਸਾਖੀ ਨੂੰ ਯੁਕਤੀਆਂ ਨਾਲ ਸਹਿਜੇ ਹੀ ਰਦ ਕੀਤਾ ਜਾ ਸਕਦਾ ਹੈ, ਪਰ ਵਿਸ਼ਵਾਸੀ ਇਸ ਨੂੰ ਸਚ ਮੰਨਦੇ ਰਹੇ ਹਨ। ਕੋਈ ਅਸ਼ਰਧਕ ਉਚ ਦਾ ਪੀਰ ਬਣਨ ਵਾਲੀ ਸਾਖੀ ਨੂੰ ਇਨਸਾਨੀ ਕਮਜ਼ੋਰੀ ਵੀ ਕਹਿ ਸਕਦਾ ਹੈ। ਪਰ ਗੁਰੂ ਤਾਂ ਪੂਰਨ ਅਧਿਆਪਕ ਹੈ। ਇਹ ਨਹੀਂ ਕਿ ਸਿਖ ਨੂੰ ਸੰਘਰਸ਼ ਵਿਚ ਵਾੜ ਦੇਵੇ, ਪਰ ਮਿਸ਼ਨ-ਪੂਰਤੀ ਵਾਸਤੇ ਕੰਮ ਆਉਣ ਵਾਲੇ ਜ਼ਾਇਜ਼ ਦਾਅ-ਪੇਚ ਸਿਖਾਵੇ ਹੀ ਨਾ। 'ਜ਼ਫ਼ਰਨਾਮੇ' ਨੂੰ ਪੜ੍ਹ ਕੇ ਇਹ ਪਤਾ ਲਗ ਜਾਂਦਾ ਹੈ ਕਿ ਗੁਰੂ ਜੀ ਆਪਣੇ ਮਿਸ਼ਨ ਵਿਚ ਕਿਤਨੇ ਪਕੇ, ਪਰ ਕਟੜ ਦੁਸ਼ਮਣ ਨਾਲ ਗਲਬਾਤ ਕਰਨ ਵਿਚ ਕਿਤਨੇ ਨਰਮ ਹਨ। ਜੇ ਕਿਸੇ ਆਲੋਚਨਾ ਹੀ ਕਰਨੀ ਹੋਵੇ ਤਾਂ ਉਹ ਕਹਿ ਸਕਦਾ ਹੈ ਕਿ 'ਜ਼ਫ਼ਰਨਾਮੇ' ਵਿਚ ਔਰੰਗ਼ਜ਼ੇਬ ਦੀ ਪ੍ਰਸ਼ੰਸਾ ਗੁਰੂ ਜੀ ਦੇ ਆਚਰਣ-ਅਨੁਕੂਲ ਨਹੀਂ ਹੈ ਅਤੇ ਇਸੇ ਕਰ ਕੇ ਕੁਝ ਨਾਮਵਰ ਬੁਧੀ-ਜੀਵੀ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੇ ਕਿ 'ਜ਼ਫ਼ਰਨਾਮਾ' ਗੁਰੂ ਜੀ ਦੀ ਰਚਨਾ ਹੀ ਨਹੀਂ ਹੈ। ਇਹ ਸਾਰਾ ਕੁਝ ਕਹਿਣ ਦਾ ਭਾਵ ਹੈ ਕਿ ਪੈਗ਼ੰਬਰੀ ਬਾਣੀ ਨਾਲੋਂ ਉਸ ਦੇ ਕੌਤਕ ਸਮਝਣੇ ਹੋਰ ਔਖੇ ਹਨ। ਗੀਤਾ ਨੂੰ ਸਮਝਣ ਨਾਲੋਂ ਸ੍ਰੀ ਕ੍ਰਿਸ਼ਨ ਦੇ ਕੌਤਕ ਸਮਝਣੇ ਮੁਸ਼ਕਿਲ ਹਨ, ਕਿਉਂਕਿ ਅਧਰਮ ਵਿਰੁਧ ਸੰਘਰਸ਼ ਵਿਚ ਉਹ ਇਨਸਾਨਾਂ ਨਾਲ ਟਕਰਾਉਣ ਵਾਸਤੇ ਇਨਸਾਨਾਂ ਵਾਂਗ ਇਨਸਾਨਾਂ ਦੇ ਨਾਲ ਖੜੋਤਾ ਹੈ ਅਤੇ ਇਨਸਾਨੀ ਵਿਵਹਾਰ ਉਸ ਲਈ ਧਾਰਨ ਕਰਨਾ ਜ਼ਰੂਰੀ ਹੈ। ਅਧਰਮ ਦਾ ਨਾਸ਼ ਕਰਨ ਵਾਸਤੇ ਉਸ ਨੂੰ ਕਾਲਖ ਦੇ ਇਤਨਾ ਨੇੜੇ ਹੋਣਾ ਪੈਂਦਾ ਹੈ ਕਿ ਉਸ ਦਾ ਆਪਣਾ ਰੰਗ ਵੀ ਕਾਲਾ ਹੋ ਜਾਂਦਾ ਹੈ। ਪਰ ਇਹ ਕਾਲਖ ਉਸ ਦੀ ਅਸੀਮ ਸੁੰਦਰਤਾ ਅਤੇ ਪਵਿਤਰਤਾ ਨੂੰ ਪ੍ਰਭਾਵਿਤ ਨਹੀਂ ਕਰਦੀ, ਇਸ ਕਰ ਕੇ ਉਹ ਆਪਣੇ ਕਾਲੇ-ਵਰਣ ਵਿਚ ਵੀ ਪੂਜਣ-ਯੋਗ 'ਸ਼ਿਆਮ-ਸੁੰਦਰ' ਹੈ। ਕ੍ਰਿਸ਼ਨ ਦਾ ਸਤਿਕਾਰ ਹੋਰ ਸਾਰੇ ਅਵਤਾਰਾਂ ਨਾਲੋਂ ਜ਼ਿਆਦਾ ਇਸੇ ਕਰ ਕੇ ਹੈ ਕਿ ਉਹ ਆਪਣੇ ਭਗਤਾਂ ਦੀ ਪ੍ਰੀਤ-ਪਾਲਣ ਲਈ ਸੰਸਾਰ ਦੀ ਕਾਲਖ ਆਪਣੇ ਉਤੇ ਲੈ ਸਕਦਾ ਹੈ ਅਤੇ ਹੋਰ ਅਵਤਾਰਾਂ ਨਾਲੋਂ ਇਨਸਾਨੀ-ਅਮਲ ਦੇ ਬਹੁਤਾ ਨੇੜੇ ਹੈ। ਜੇ ਗੰਭੀਰਤਾ ਸਹਿਤ ਵਿਚਾਰ ਕਰੀਏ ਤਾਂ ਇੰਞ ਜਾਪਦਾ ਹੈ ਕਿ ਸਿਖਾਂ ਵਾਸਤੇ ਸਭ ਤੋਂ ਸਤਿਕਾਰਯੋਗ ਗੁਰੂ ਨਾਨਕ ਦੇਵ ਜੀ ਹਨ, ਕਿਉਂਕਿ ਜਿਸ ਮੋਹ-ਮਾਇਆ ਵਿਚ ਅਸੀਂ ਵਿਚਰਦੇ ਹਾਂ, ਉਸ ਤੋਂ ਉਹ ਬਹੁਤ ਉਚੇ ਸਨ। ਪਰ ਦਸ ਗੁਰੂ ਜਾਮਿਆਂ ਵਿਚੋਂ ਸਿਖਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਸਭ ਤੋਂ ਵਧੀਕ ਪ੍ਰੀਤ ਇਸ ਕਰ ਕੇ ਹੈ, ਕਿਉਂ ਜੁ ਉਹ ਸੇਵਕ ਸਿਖਾਂ ਦੇ ਬਹੁਤ ਨੇੜੇ ਹੈ। ਗੁਰੂ ਦੇ ਦਸ ਨਿਆਰੇ ਰੂਪਾਂ ਦੀ ਆਪਣੀ ਵਿਲਖਣਤਾ ਹੈ, ਜੋ ਅਜ ਦੀ ਜੋਤਿਮਈ ਸਿਧਾਂਤਿਕ ਏਕਤਾ ਵਿਚ ਲੁਪਤ ਹੋ ਰਹੀ ਹੈ। ਗੁਰੂ ਨਾਨਕ ਦੀ ਵਿਲਖਣਤਾ ਉਸ ਦੀ ਉਚਿਆਈ ਹੈ, ਪਰ ਗੁਰੂ ਗੋਬਿੰਦ ਸਿੰਘ ਦੇ ਰੂਪ ਵਿਚ ਦਾ ਨਿਆਰਾਪਨ ਇਹੋ ਹੈ ਕਿ ਉਹ ਸਾਡੇ ਜੀਵਨ-ਵਿਵਹਾਰ ਦੇ ਬਹੁਤ ਨੇੜੇ ਹੈ। ਉਸ ਦੀ ਨੇੜਤਾ ਸਥਿਰ ਨਹੀਂ, ਸਗੋਂ ਉਹ ਨਿਰੰਤਰ ਸਾਡੇ ਹੋਰ ਨੇੜੇ ਆਈ ਜਾਂਦਾ ਹੈ। ਪਹਿਲਾਂ ਉਹ ਫ਼ੌਜ਼ਾਂ ਦਾ ਸਰਦਾਰ ਸਾਡਾ ਗੁਰੂ ਬਣਦਾ ਹੈ। ਫਿਰ ਅਮ੍ਰਿਤ ਛਕ ਕੇ ਗੁਰੂ ਅਤੇ ਸਿਖ ਨੂੰ ਬਰਾਬਰ ਕਰ ਦੇਂਦਾ ਹੈ ਅਤੇ ਚਮਕੌਰ ਵਿਚ ਸਿਖਾਂ ਦਾ ਹੁਕਮ ਮੰਨਣ ਵੇਲੇ ਉਹ ਚੇਲੇ ਦੇ ਰੂਪ ਨੂੰ ਗ੍ਰਹਿਣ ਕਰਦਾ ਹੈ। ਗੁਰੂ ਰੂਪ ਵਿਚ ਉਹ ਸਾਡੇ ਸਿਰ ਦਾ ਸਾਈਂ ਹੈ, ਬਰਾਬਰੀ ਸਮੇਂ ਉਹ ਸਾਡੇ ਨਾਲ ਹੈ ਅਤੇ ਚੇਲੇ ਦੇ ਰੂਪ ਵਿਚ ਅਧੀਨ ਪਦ ਧਾਰਨ ਕਰਨ ਵੇਲੇ ਉਹ ਨਿਵਾਣਾਂ ਵਿਚ ਖੜਾ ਹੋ ਕੇ ਸਾਨੂੰ ਵਿਕਾਰਾਂ ਦੇ ਟੋਏ ਤੋਂ ਉਪਰ ਉਠਾਈ ਰਖਦਾ ਹੈ। ਉਹ ਕਾਮ ਦੇ ਹਮਲਿਆਂ ਵਿਚ ਸਾਡੇ ਨਾਲ ਖੜਾ ਹੋ ਕੇ ਇਸ ਦੇ ਨਿਆਰੇ-ਨਿਆਰੇ ਹਮਲੇ, ਉਨ੍ਹਾਂ ਦੇ ਸਾਡੇ ਮਨ ਅਤੇ ਸਮਾਜ ਉਤੇ ਬੁਰੇ ਪ੍ਰਭਾਵ ਅਤੇ ਉਸ ਤੋਂ ਬਚਾਓ ਦੇ ਸਾਧਨ ਦਸਦਾ ਹੈ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਵਿਵਹਾਰ ਵਿਚ ਇਹ ਅੰਤਰ ਇਸ ਕਰ ਕੇ ਹੈ ਕਿ ਗੁਰੂ ਹੌਲੀ-ਹੌਲੀ ਲੋਕਾਈ ਦੇ ਨਜ਼ਦੀਕ ਆਉਂਦਾ ਹੈ। ਜੇ ਉਹ ਪਹਿਲਾਂ ਆਪਣੀ ਉਚਤਾ ਸਥਾਪਤ ਨਾ ਕਰੇ, ਤਾਂ ਲੋਕਾਂ ਵਿਚ ਪੂਜਣਯੋਗ ਨਹੀਂ ਹੋ ਸਕਦਾ ਅਤੇ ਜੇ ਉਹ ਸਮਸਤ ਉਚਾਈਆਂ ਤਿਆਗ ਕੇ ਸਾਡੇ ਨੇੜੇ ਨਾ ਆਵੇ, ਤਾਂ ਸਾਡਾ ਸਮੁਚਾ ਜੀਵਨਵਿਵਹਾਰ ਗੁਰੂ ਦੀ ਨਿਰਮਲ ਛੋਹ ਨਹੀਂ ਪਾ ਸਕਦਾ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੀ ਆਮ ਸਿਖ ਦੇ ਮਨ ਵਿਚ ਅਜਿਹੀ ਤਸਵੀਰ ਰਹੀ ਹੈ ਕਿ ਉਹ ਅਖਾਂ ਮੀਚ ਕੇ ਕਿਤੇ ਵੀ ਪੁਜ ਸਕਦਾ ਸੀ। ਉਸ ਦੀਆਂ ਉਚਾਈਆਂ ਉਸ ਨੂੰ ਧ੍ਰੂਅ ਤਾਰੇ ਤੋਂ ਵੀ ਅਗੇ ਲੈ ਜਾਂਦੀਆਂ ਹਨ। ਧਰਤੀ ਤੋਂ ਹਜ਼ਾਰਾਂ ਜੋਜਨ ਉਪਰ ਉਥੇ ਜਿਥੇ ਕੋਈ ਹੋਰ ਨਹੀਂ ਪੁਜ ਸਕਦਾ, ਉਹ ਜਾਣ ਦੇ ਸਮਰਥ ਹੈ। ਉਸ ਉਤੇ ਸਪ ਅਤੇ ਰੁਖ ਭਾਵ ਜੜ੍ਹ-ਕੁਦਰਤ ਵੀ ਛਾਂ ਕਰਦੀ ਹੈ। ਉਸ ਦੀਆਂ ਉਚਾਈਆਂ ਉਸ ਦੀ ਅਧਿਆਤਮਿਕ ਸੁੰਦਰਤਾ ਬਣ ਜਾਂਦੀਆਂ ਹਨ, ਜਿਸ ਨੂੰ ਹਰ ਕੋਈ ਸਤਿਕਾਰਦਾ ਹੈ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀ ਅਸੀਮ ਸਰੀਰਕ ਸੁੰਦਰਤਾ, ਉਸ ਦਾ ਚਿਟਾ ਬਾਜ, ਉਸ ਦਾ ਨੀਲਾ ਘੋੜਾ, ਉਸ ਦੀ ਸੋਹਣੀ ਕਲਗ਼ੀ, ਉਹਦੇ ਰਣਜੀਤ ਨਗਾਰੇ, ਉਸ ਦੀਆਂ ਜਰਨੈਲਾਂ ਵਾਲੀਆਂ ਬੇਪਰਵਾਹ ਸ਼ਾਨਾਂ ਭਾਵੇਂ ਕਈਆਂ ਦੇ ਦਿਲਾਂ ਵਿਚ ਖ਼ੌਫ਼ ਪੈਦਾ ਕਰਦੇ ਹਨ, ਪਰ ਉਹਦੇ ਸਿਖ ਦੇ ਮਨ ਵਿਚ ਇਸ ਅਸੀਮ ਸਥੂਲ ਸੁੰਦਰਤਾ ਲਈ ਬੇਸ਼ੁਮਾਰ ਖਿਚ ਪੈਦਾ ਕਰਦੇ ਹਨ। ਗੰਗਾ ਦੇ ਕਿਨਾਰੇ ਖੇਡਦਾ ਉਹ ਸੇਵਕਾਂ ਵਾਸਤੇ ਜਮੁਨਾ ਕਿਨਾਰੇ ਗੋਪੀਆਂ ਨਾਲ ਕੇਲ ਕਰਨ ਵਾਲਾ ਕ੍ਰਿਸ਼ਨ ਹੀ ਹੈ। ਇਨ੍ਹਾਂ ਅਰਥਾਂ ਵਿਚ ਹੀ ਉਹ ਬਿਚਿਤ੍ਰ ਨਾਟਕ ਦਾ ਸਿਆਮ ਕਵਿ ਹੈ। ਗੁਰੂ ਨਾਨਕ ਦੇਵ ਜੀ ਨਾਲੋਂ ਗੁਰੂ ਅੰਗਦ ਸਿਖਾਂ ਦੇ ਹੋਰ ਨੇੜੇ ਜਾਪਦਾ ਹੈ, ਕਿਉਂ ਜੁ ਉਹ ਗੁਰੂ ਹੋਣ ਦੇ ਨਾਲ-ਨਾਲ ਸਿਖ ਵੀ ਹੈ। ਉਸ ਦੇ ਗੁਰੂ ਹੋਣ ਦੀਆਂ ਸਾਖੀਆਂ ਸਾਨੂੰ ਉਤਨੀਆਂ ਯਾਦ ਨਹੀਂ, ਜਿਤਨੀਆਂ ਸਿਖ ਹੋਣ ਦੀਆਂ। ਸੋ ਦੂਜੇ ਰੂਪ ਵਿਚ ਗੁਰੂ ਨਾਨਕ ਸਾਡੇ ਹੋਰ ਜ਼ਿਆਦਾ ਨੇੜੇ ਹੈ ਅਤੇ ਦਸਵੇਂ ਰੂਪ ਵਿਚ ਉਹ ਸਾਡੇ ਬਿਲਕੁਲ ਇਸ ਤਰ੍ਹਾਂ ਨਾਲ ਖੜਾ ਹੈ, ਜਿਵੇਂ ਬਾਣੀ ਵਿਚ ਆਖਿਆ ਹੈ-

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥

ਜੇ ਜੀਵਨ ਦੀ ਹਰ ਨਿਚਾਈ ਨੂੰ ਗੁਰੂ ਦੀ ਛੋਹ ਨਾ ਮਿਲੇ, ਤਾਂ ਸਿਖ ਨੂੰ ਜੀਵਨ ਦੀ ਪੂਰਨਤਾ ਕਿਥੋਂ ਪ੍ਰਾਪਤ ਹੋਵੇਗੀ ? ਇਹੋ ਕਾਰਨ ਹੈ ਕਿ ਸਿਖ ਦਾ ਚਿਤ ਗੁਰੂ ਗ੍ਰੰਥ ਸਾਹਿਬ ਵਿਚ ਲੀਨ ਹੈ, ਪਰ ਉਸ ਦੇ ਹਿਰਦੇ ਵਿਚ ਜਾਪ ਸਾਹਿਬ, ਅਕਾਲ ਉਸਤਤ, ਚੰਡੀ ਦੀ ਵਾਰ ਦਾ ਸਨੇਹ ਹੈ।

'ਦਸਮ ਗ੍ਰੰਥ' ਦਾ ਵਡਾ ਭਾਗ 'ਬਚਿਤ੍ਰ ਨਾਟਕ' ਸਿਰਲੇਖ ਅਧੀਨ ਆਈਆਂ ਬਾਣੀਆਂ ਨੇ ਘੇਰਿਆ ਹੋਇਆ ਹੈ। ਆਮ ਤੌਰ ਤੇ 'ਬਚਿਤ੍ਰ ਨਾਟਕ' ਗੁਰੂ ਜੀ ਦੀ ਆਤਮ-ਕਥਾ ਕਹੀ ਜਾਣ ਵਾਲੀ ਬਾਣੀ ਨੂੰ ਹੀ ਮੰਨਿਆ ਜਾਂਦਾ ਹੈ, ਜਦੋਂ ਕਿ ਹਕੀਕਤਨ ਆਤਮਕਥਾ ਸਮੇਤ ਚੰਡੀ ਚਰਿਤ੍ਰ ਅਤੇ ਚਉਬੀਸ ਅਵਤਾਰ ਦੀਆਂ ਸਾਰੀਆਂ ਬਾਣੀਆਂ 'ਬਚਿਤ੍ਰ ਨਾਟਕ' ਦਾ ਹੀ ਹਿਸਾ ਹਨ। 'ਬਚਿਤ੍ਰ ਨਾਟਕ' ਸਿਰਲੇਖ ਇਸ ਗਲ ਦਾ ਪ੍ਰਤੀਕ ਹੈ ਕਿ ਇਹ ਬਾਣੀਆਂ ਦੈਵੀ-ਕੌਤਕਾਂ ਨੂੰ ਅਜੀਬ ਨਾਟਕ ਦੇ ਰੂਪ ਵਿਚ ਪ੍ਰਸਤੁਤ ਕਰਦੀਆਂ ਹਨ। ਕਿਉਂਕਿ ਨਾਟਕ ਦੇ ਪਾਤਰ, ਸਥਾਨ ਆਦਿ ਕਾਲਪਨਿਕ ਹੁੰਦੇ ਹਨ, ਇਸ ਕਰ ਕੇ ਇਨ੍ਹਾਂ ਰਚਨਾਵਾਂ ਵਿਚ ਆਈਆਂ ਘਟਨਾਵਾਂ ਨੂੰ ਹੂ-ਬ-ਹੂ ਮੰਨਣਾ ਅਗਿਆਨ ਹੈ ਅਤੇ ਇਸੇ ਅਗਿਆਨ ਦੇ ਅਧੀਨ ਅਸੀਂ ਹੇਮਕੁੰਟ ਸੰਬੰਧੀ ਆਪਣੀਆਂ ਧਾਰਨਾਵਾਂ ਬਣਾ ਲਈਆਂ ਹਨ। ਗੁਰੂ ਜੀ ਨੇ ਧਰਮ-ਯੁਧ ਦਾ ਚਾਅ ਪੈਦਾ ਕਰਨ ਵਾਸਤੇ ਕੁਝ ਨਾਟਕੀ ਘਟਨਾਵਾਂ ਸਿਰਜਿਤ ਕੀਤੀਆਂ, ਜੋ ਅਸੀਂ ਅਖਰ-ਅਖਰ ਸਚ ਸਵੀਕਾਰ ਕਰ ਲੈਣ ਦੀ ਗਲਤੀ ਕਰ ਰਹੇ ਹਾਂ। ਗੁਰੂ ਜੀ ਦੁਆਰਾ ਰਚਿਤ ਨਾਟਕ ਨੂੰ ਸਾਡੇ ਅਲਪ-ਵਿਵੇਕ ਨੇ ਗ੍ਰਹਿਣ ਨਹੀਂ ਕੀਤਾ, ਕਾਰਨ ਅਸੀਂ ਉਪਰ ਦਸ ਆਏ ਹਾਂ ਕਿ ਮਹਾਪੁਰਖਾਂ ਦੇ ਕੌਤਕ ਸਮਝਣੇ ਹੋਰ ਵੀ ਔਖੇ ਹਨ। ਅਜਿਹੇ ਹਰ ਕੌਤਕ ਦੀ ਹਰ ਸਮੇਂ ਵਿਚ ਵਖਰੀ ਵਿਆਖਿਆ ਅਤੇ ਵਖਰੀ ਸਾਰਥਕਤਾ ਹੁੰਦੀ ਹੈ, ਜੋ ਹਰ ਸਮੇਂ ਵਿਚ ਨਵੀਨ-ਵਿਵੇਕ ਨਾਲ ਸਮਝਣੀ ਪੈਂਦੀ ਹੈ ਅਤੇ ਇਸ ਵਿਕਾਸਵਾਦੀ ਨਵੀਨ-ਵਿਵੇਕ ਦੀ ਸਾਡੀ ਕੌਮ ਵਿਚ ਘਾਟ ਸੰਬੰਧੀ ਕੋਈ ਦੁਚਿਤੀ ਨਹੀਂ ਹੈ। ਜਾਂ ਤਾਂ ਲੋਕ ਨਾਟਕ ਨੂੰ ਅਖਰ-ਅਖਰ ਇਤਿਹਾਸ ਮੰਨਣ ਦੀ ਗਲਤੀ ਕਰ ਰਹੇ ਹਨ, ਜਾਂ ਫਿਰ ਸਮਝ ਨਾ ਆਉਣ ਕਰ ਕੇ ਮੂਲੋਂ ਤਿਆਗ ਕਰਨ ਲਈ ਪ੍ਰਾਣਾਂ ਦੀ ਬਾਜੀ ਲਾਈ ਬੈਠੇ ਹਨ।

'ਚਉਬੀਸ ਅਵਤਾਰ' ਗ੍ਰੰਥ ਵਿਚੋਂ 'ਕ੍ਰਿਸ਼ਨਾਵਤਾਰ' ਬਾਣੀ 'ਬਚਿਤ੍ਰ ਨਾਟਕ' ਦੇ ਮੁਖ ਸਿਰਲੇਖ ਹੇਠ ਇਕ ਲੰਬੀ ਬਾਣੀ ਹੈ, ਜਿਸ ਦੇ ਕੁਲ ਬੰਦ 2492 ਹਨ। ਇਸ ਬਾਣੀ ਵਿਚ ਹੀ ਇਸ ਦਾ ਰਚਨਾ-ਸਥਾਨ ਪਾਉਂਟਾ ਸਾਹਿਬ ਅਤੇ ਰਚਨਾ-ਕਾਲ ਸਾਵਣ ਸੁਦੀ 7, 1745 (24 ਜੁਲਾਈ 1688) ਲਿਖਿਆ ਹੋਇਆ ਹੈ। ਇਸ ਦਾ ਪ੍ਰਯੋਜਨ ਦਸਦਿਆਂ ਗੁਰੂ ਜੀ ਨੇ ਲਿਖਿਆ ਹੈ-

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ। ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁਧ ਕੈ ਚਾਇ॥2491॥

ਪਰ ਭਾਗਵਤ ਪੁਰਾਣ ਦੀ ਇਹ ਕਥਾ ਆਪਣੇ ਪੌਰਾਣਿਕ-ਸਰੂਪ ਤੋਂ ਬਿਲਕੁਲ ਭਿੰਨ ਹੈ। ਇਥੇ ਇਹ ਗਲ ਵੀ ਸਪਸ਼ਟ ਕਰ ਲਈਏ ਕਿ ਜੇ ਇਹ ਰਚਨਾ ਕਿਸੇ ਹੋਰ ਵਿਅਕਤੀ ਵਿਸ਼ੇਸ਼ ਤੌਰ ਤੇ ਬ੍ਰਾਹਮਣਵਾਦੀ ਰੁਚੀਆਂ ਵਾਲੇ ਵਿਅਕਤੀ ਨੇ ਕੀਤੀ ਹੁੰਦੀ, ਤਾਂ ਉਸ ਨੇ ਇਸ ਦਾ ਪੌਰਾਣਿਕ ਸਰੂਪ ਕਾਇਮ ਰਖਣ ਦੀ ਭਰਪੂਰ ਚੇਸ਼ਟਾ ਕਰਨੀ ਸੀ, ਜਦੋਂ ਕਿ ਇਹ ਰਚਨਾ ਹਰ ਮੋੜ ਤੇ ਪੌਰਾਣਿਕ ਬੰਧਨਾਂ ਤੋਂ ਆਜ਼ਾਦ ਹੋਣ ਵਲ ਰੁਚਿਤ ਹੈ। ਰਚਨਾ ਵਿਚ ਵਾਰ-ਵਾਰ ਰਾਮ ਅਤੇ ਸ਼ਿਆਮ ਕਵਿ-ਨਾਮ ਆਉਂਦੇ ਹਨ, ਜਿਸ ਤੋਂ ਆਮ ਤੌਰ ਉਤੇ ਇਹ ਅੰਦਾਜ਼ਾ ਲਾ ਲਿਆ ਜਾਂਦਾ ਹੈ, ਕਿ ਇਹ ਰਾਮ ਅਤੇ ਸ਼ਿਆਮ ਨਾਮ ਦੇ ਦੋ ਕਵੀਆਂ ਨੇ ਰਚੀ ਹੋਵੇਗੀ। ਪਰ ਜਦੋਂ ਅਸੀਂ ਰਚਨਾ ਦਾ ਧਿਆਨ ਨਾਲ ਪਾਠ ਕਰਦੇ ਹਾਂ, ਤਾਂ ਸਮਝ ਆਉਂਦੀ ਹੈ ਕਿ ਇਹ ਨਾਮ ਵੀ ਨਾਟਕੀ ਪ੍ਰਸਤੁਤੀ ਹੈ। ਇਹ ਰਚਨਾ ਕੇਵਲ ਇਕ ਲਿਖਾਰੀ ਦੀ ਹੈ। ਜੇ ਦੋ ਲਿਖਾਰੀ ਰਚਨਾ ਕਰਦੇ ਤਾਂ ਉਹ ਇਸ ਰਚਨਾ ਦੇ ਹਿਸੇ ਆਪਸ ਵਿਚ ਵੰਡ ਲੈਂਦੇ, ਪਰ ਇਥੇ ਇਕ ਪਦ ਰਾਮ ਦਾ ਲਿਖਿਆ ਹੈ ਤਾਂ ਅਗਲਾ ਸ਼ਿਆਮ ਦਾ ਲਿਖਿਆ ਹੋਇਆ ਹੈ, ਪਰ ਕਥਾ ਦੇ ਵਰਣਨ ਵਿਚ ਕਿਤੇ ਅਟਕਾਅ ਨਹੀਂ। ਸਭ ਸ਼ੈਲੀ, ਬੋਲੀ ਇਕੋ ਜਿਹੀ ਹੈ, ਜਿਸ ਤੋਂ ਹੈਰਾਨ ਹੋਇਆ ਦਸਮ ਗ੍ਰੰਥ ਦਾ ਵਿਰੋਧੀ ਸ਼ਮਸ਼ੇਰ ਸਿੰਘ 'ਅਸ਼ੋਕ' ਲਿਖਦਾ ਹੈ ਕਿ ਇਨ੍ਹ੍ਹਾਂ ਕਵੀਆਂ ਦੀ ਰਚਨਾ ਵਿਚ ਸਮਾਨਤਾ ਇਸ ਪਧਰ ਤਕ ਹੈ ਕਿ ਦੋਹਾਂ ਦੀ ਰਚਨਾ ਨੂੰ  ਨੂੰ ਵਖ-ਵਖ ਕਰਨਾ ਮੁਸ਼ਕਿਲ ਜਾਪਦਾ ਹੈ। ਪਰ ਵਖ ਕਰਨਾ ਤਾਂ ਹੀ ਸੰਭਵ ਹੁੰਦਾ ਜੇ ਕਵੀ ਦੋ ਹੁੰਦੇ। ਅਸਲ ਵਿਚ ਰਾਮ ਅਤੇ ਸ਼ਿਆਮ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਾਟਕੀ ਨਾਮ ਹਨ, ਜੋ ਕਿਸੇ ਪਰਿਵਾਰਕ ਮਜ਼ਬੂਰੀ ਕਰ ਕੇ ਕਿਸੇ ਵਲੋਂ ਦਿਤੇ ਹੋਏ ਨਾਮ ਨਹੀਂ। ਹਕੀਕਤਨ ਉਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜਿਵੇਂ ਤ੍ਰੇਤੇ ਵਿਚ ਰਾਮ ਨੇ ਰਾਵਣ ਦਾ ਬਧ ਕੀਤਾ ਸੀ ਅਤੇ ਦੁਆਪਰ ਵਿਚ ਸ਼ਿਆਮ ਨੇ ਕੰਸ ਜੈਸੇ ਕਈ ਅਸੁਰਾਂ ਨੂੰ ਸੋਧਿਆ ਸੀ, ਉਸੇ ਤਰ੍ਹਾਂ ਉਹ ਇਸ ਕਾਲ ਦੇ ਅਸੁਰ ਜੋ  ਰਾਵਣ ਅਤੇ ਕੰਸ ਦੋਹਾਂ ਦੇ ਦੁਰਗੁਣਾਂ ਦਾ ਸੰਯੁਕਤ ਰੂਪ ਹੈ, ਉਸ ਨੂੰ ਰਾਮ, ਕ੍ਰਿਸ਼ਨ ਆਦਿ ਸਮਸਤ ਅਵਤਾਰਾਂ ਦੀ ਸਮਰਥਾ ਨਾਲ ਭਰਪੂਰ ਹੋ ਕੇ ਸੋਧਣ ਆਏ ਹਨ, ਗੁਰੂ ਗ੍ਰੰਥ ਸਾਹਿਬ ਦੇ ਨਿਮਨਾਂਕਿਤ ਬਚਨ ਵੀ ਗੁਰੂ ਪ੍ਰਤੀ ਇਸੇ ਦ੍ਰਿਸ਼ਟੀਕੋਣ ਦੀ ਪ੍ਰਸਤੁਤੀ ਹੈ-

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥ 7 ॥

ਕ੍ਰਿਸ਼ਨਾਵਤਾਰ ਵਿਚ ਦੋ ਨਾਟਕੀ ਨਾਵਾਂ ਵਾਲੇ ਅਜਾਇਬ ਖਾਨ ਅਤੇ ਗੈਰਤ ਖਾਨ ਜੋ ਮੁਸਲਾਮਨ ਹਨ, ਸ੍ਰੀ ਕ੍ਰਿਸ਼ਨ ਦੇ ਹਿਮਾਇਤੀ ਹਨ। ਬਿਚਿਤ੍ਰ ਨਾਟਕ ਦੀ ਧਾਰਨਾ ਅਨੁਸਾਰ 'ਅਜਾਇਬ' ਦਾ ਅਰਥ ਹੀ ਵਿਚਿਤ੍ਰ ਹੈ। ਕਿਉਂਕਿ ਉਸ ਸਮੇਂ ਇਸਲਾਮ ਦਾ ਅਜੇ ਉਦਗਮ ਹੀ ਨਹੀਂ ਸੀ ਹੋਇਆ, ਇਸ ਕਰ ਕੇ ਕ੍ਰਿਸ਼ਨ ਦਾ ਮਦਦਗਾਰ ਕੋਈ ਵਿਚਿਤ੍ਰ ਮੁਸਲਮਾਨ ਹੀ ਹੋ ਸਕਦਾ ਹੈ। ਇਹ ਬਿਚਿਤ੍ਰ ਮੁਸਲਮਾਨ ਗੈਰਤਮੰਦ ਖਾਨ ਹਨ, ਜੋ ਧਰਮ ਦਾ ਸਾਥ ਦੇਣ ਵਾਸਤੇ ਸ੍ਰੀ ਕ੍ਰਿਸ਼ਨ ਦੇ ਨਾਲ ਹਨ। ਇਥੇ ਇਹ ਯਾਦ ਰਹੇ ਕਿ ਪਾਉਂਟਾ ਸਾਹਿਬ ਵਿਖੇ ਵਕਤ ਦੇ 'ਰਾਮ-ਸ਼ਿਆਮ' ਦੀ ਸੈਨਾ ਵਿਚ ਵੀ ਕੁਝ 'ਗੈਰਤਮੰਦ' ਖਾਨ ਸ਼ਾਮਿਲ ਸਨ ਅਤੇ ਅਜਿਹੇ ਗੈਰਤਮੰਦਾਂ ਦਾ ਸਿਰਦਾਰ ਪੀਰ ਬੁਧੂ ਸ਼ਾਹ ਸੀ, ਜੋ ਪਾਉਂਟੇ ਗੁਰੂ ਦਰਸ਼ਨਾਂ ਲਈ ਅਕਸਰ ਆਉਂਦਾ ਸੀ। ਗੁਰੂ ਸਾਹਿਬ ਨਾਲ ਉਸ ਦਾ ਸਿਆਸੀ ਗਠਜੋੜਨਹੀਂ, ਧਰਮ-ਆਧਾਰਿਤ ਗਠਜੋੜ ਹੈ, ਜਿਸ ਨੂੰ ਅਜੀਬ ਕਿਸਮ ਦੇ ਗੈਰਤ ਖਾਨ ਦਾ ਰੂਪ ਦਿਤਾ ਹੈ, ਕਿਉਂ ਜੁ ਗੁਰੂ ਜੀ ਦਾ ਸਾਥ ਦੇਣ ਵਾਲੇ ਮੁਸਲਾਮਨ ਬਾਰੇ ਲੋਕ-ਧਾਰਨਾ ਕੇਵਲ ਇਹ ਹੋ ਸਕਦੀ ਹੈ ਕਿ 'ਇਹ ਅਜੀਬ ਮੁਸਲਮਾਨ ਹੈ, ਪਰ ਗੁਰੂ ਦੀ ਦ੍ਰਿਸ਼ਟੀ ਵਿਚ ਉਹ ਗੈਰਤਮੰਦ ਹੈ, ਜੋ ਅਧਰਮ ਵਿਰੁਧ ਧਰਮ ਦਾ ਸਾਥ ਦੇ ਰਿਹਾ ਹੈ। ਇਥੇ ਇਹ ਯਾਦ ਰਹੇ ਕਿ ਕ੍ਰਿਸ਼ਨਾਵਤਾਰ ਵਿਚ ਇਕ ਪਾਸੇ ਗੁਰੂ ਜੀ ਆਪਣੇ ਆਪ ਨੂੰ ਸਿਆਮ ਲਿਖਦੇ ਹਨ ਤਾਂ ਨਾਲ ਹੀ ਕ੍ਰਿਸ਼ਨ ਦੇ ਔਗੁਣ ਦਸ ਕੇ ਸਪਸ਼ਟ ਕਰ ਦੇਂਦੇ ਹਨ ਕਿ ਸਿਆਮ ਕਹਿਣ ਤੋਂ ਉਨ੍ਹਾਂ ਦਾ ਸੀਮਿਤ ਪ੍ਰਯੋਜਨ ਹੈ ਅਤੇ ਵਾਸਤਵ ਵਿਚ ਕ੍ਰਿਸ਼ਨ-ਭਗਤ ਬ੍ਰਾਹਮਣੀਕਲ ਸਮਾਜ ਵਿਰੁਧ ਵੀ 'ਖੜਗ ਸਿੰਘ ਦੇ ਰੂਪ ਵਿਚ ਸਿਖਾਂ ਨੇ ਸੰਘਰਸ਼ ਕਰਨਾ ਹੈ। ਜਰਾਸੰਧ ਅਤੇ ਕ੍ਰਿਸ਼ਨ ਦੇ ਯੁਧ ਵਿਚ ਪਹਿਲੀ ਵਿਸ਼ੇਸ਼ ਗਲ ਧਿਆਨ ਦੇਣ ਵਾਲੀ ਇਹ ਹੈ ਕਿ ਸ੍ਰੀ ਕ੍ਰਿਸ਼ਨ ਨਾਲ ਲੜਨ ਵਾਸਤੇ ਪੰਜ ਵਿਅਕਤੀ ਸਿੰਘ ਨਾਮ ਵਾਲੇ ਆਉਂਦੇ ਹਨ, ਉਦਾਹਰਣਾਰਥ-

ਸ੍ਰੀ ਨਰ ਸਿੰਘ ਬਲਿ ਗਜ ਸਿੰਘ ਚਲਿਯੋ ਧਨ ਸਿੰਘ ਸਰਾਸਨ ਲੈ।
ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ।…1088

ਇਨ੍ਹਾਂ ਪੰਜਾਂ ਦੇ ਮਰ ਮਿਟਣ ਬਾਅਦ ਫਿਰ ਅਮਿਤ ਸਿੰਘ, ਅਣਗ ਸਿੰਘ, ਅਮਰ ਸਿੰਘ, ਅਚਲ ਸਿੰਘ, ਅਨਘ ਸਿੰਘ ਪੰਜ ਹੋਰ ਯੁਧ ਭੂਮੀ ਵਿਚ ਨਿਤਰਦੇ ਹਨ ਅਤੇ ਜਦੋਂ ਉਹ ਵੀ ਬੀਰ-ਗਤੀ ਨੂੰ ਪ੍ਰਾਪਤ ਕਰ ਜਾਂਦੇ ਹਨ, ਤਾਂ ਪੰਜ ਹੋਰ ਧੂਮ ਸਿੰਘ, ਧੁਜ ਸਿੰਘ, ਮਨਿ ਸਿੰਘ, ਧਉਲ ਸਿੰਘ, ਧਰਾਧਰ ਸਿੰਘ ਲੜਨ ਲਈ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ। ਕੀ ਪੰਜਾਂ ਦਾ ਵਾਰ-ਵਾਰ ਇਹ ਵਰਣਨ ਇਸ ਪਾਸੇ ਸੰਕੇਤ ਤਾਂ ਨਹੀਂ ਕਰਦਾ ਕਿ ਪਾਉਂਟਾ ਸਾਹਿਬ ਵਿਖੇ ਵਿਚਰਨ ਸਮੇਂ ਗੁਰੂ ਜੀ ਦੇ ਚਿਤ ਵਿਚ ਪੰਚ-ਪ੍ਰਧਾਨੀ ਖਾਲਸਈ ਵਿਵਸਥਾ ਦਾ ਸੰਕਲਪ ਜਨਮ ਲੈ ਚੁਕਾ ਸੀ ? ਇਕ ਚੀਜ਼ ਹੋਰ ਜੋ ਸਾਹਮਣੇ ਆ ਰਹੀ ਹੈ, ਉਹ ਹੈ ਸਿੰਘ ਪਦ ਨੂੰ ਪ੍ਰਚਲਿਤ ਕਰਨ ਦੀ ਪ੍ਰਬਲ ਰੁਚੀ ਅਤੇ ਸਿੰਘ ਨਾਵਾਂ ਵਾਲੇ ਕਾਲਪਨਿਕ ਵਿਅਕਤੀਆਂ ਨੂੰ ਬਹਾਦਰੀ ਨਾਲ ਜੋੜਨ ਦਾ ਯਤਨ। ਅਣਗ ਸਿੰਘ ਨੂੰ ਮਾਰਨ ਵਾਸਤੇ ਛੇ ਸੂਰਬੀਰਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਦਾ ਸੂਖਮ ਭਾਵ ਹੈ, ਸਿੰਘ ਨਾਮ ਨੂੰ ਸੂਰਬੀਰਤਾ ਨਾਲ ਸੰਬੰਧਿਤ ਕਰਨਾ। ਇਕ ਹੋਰ ਰੁਚੀ ਪ੍ਰਵੇਸ਼ ਕਰਦੀ ਹੈ, ਉਹ ਹੈ 'ਸਿੰਘ' ਨਾਵਾਂ ਨੂੰ ਖ਼ੂਬਸੂਰਤੀ ਪ੍ਰਦਾਨ ਕਰਨਾ। 'ਸਿੰਘ' ਨਾਮ ਰਾਜਪੂਤਾਂ ਵਿਚ ਪ੍ਰਚਲਿਤ ਸੀ, ਗੁਰੂ ਜੀ ਦੇ ਸਿੰਘ ਦੀ ਘਾੜਤ ਬਹਾਦਰੀ ਅਤੇ ਸੁੰਦਰਤਾ ਦਾ ਸੁਮੇਲ ਹੋਣੀ ਸੀ, ਇਸ ਕਰ ਕੇ ਸਿੰਘਾਂ ਦੇ ਸੋਹਣੇ ਨਾਮ ਕਥਾ ਵਿਚ ਪ੍ਰਵੇਸ਼ ਕਰ ਜਾਂਦੇ ਹਨ, ਜਿਵੇਂ ਕਿ ਸਾਹਿਬ ਸਿੰਘ, ਸਦਾ ਸਿੰਘ, ਸੁੰਦਰ ਸਿੰਘ, ਸਾਜਨ ਸਿੰਘ, ਸਫਲ ਸਿੰਘ, ਸਕਤਿ ਸਿੰਘ, ਸਵਛ ਸਿੰਘ। ਜਾਪਦਾ ਹੈ ਇਸ ਸਵਛ ਸਿੰਘ ਦੇ ਸੰਕਲਪ ਨੇ ਹੀ ਅਗੇ ਪਵਿਤਰ ਜੀਵਨ ਵਾਲੇ ਖਾਲਸੇ ਦਾ ਰੂਪ ਧਾਰਨ ਕਰਨਾ ਸੀ। ਪੰਜ ਸਿੰਘ ਨਾਮ ਕਥਾ ਵਿਚ ਵਾਰ-ਵਾਰ ਦੁਹਰਾਏ ਗਏ ਹਨ, ਜਿਨ੍ਹਾਂ ਦਾ ਖਾਲਸਾ ਸਿਰਜਨਾ ਦੇ ਸੰਬੰਧ ਵਿਚ ਇਕ ਨਿਸ਼ਚਿਤ ਪ੍ਰਯੋਜਨ ਸਮਝਣ ਦੀ ਲੋੜ ਹੈ।

ਯੁਧ-ਭੂਮੀ ਵਿਚ ਵੀ ਧਰਮੀਆਂ ਅਤੇ ਅਧਰਮੀਆਂ ਦਾ ਵਿਵਹਾਰ ਵਖ-ਵਖ ਹੈ। ਸ਼ਾਂਤ-ਚਿਤ ਧਰਮੀ ਸ਼ਸਤ੍ਰਾਂ ਦੇ ਪ੍ਰਬਲ ਵਾਰ ਕਰਦਿਆਂ ਕ੍ਰੋਧ-ਮੁਕਤ ਹੋ ਕੇ ਜ਼ੁਬਾਨ ਤੋਂ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ, ਜੋ ਸਾਹਮਣੇ ਖੜੋਤੇ ਦੁਸ਼ਮਣ ਵਿਚ ਵੀ ਰਮਿਆ ਹੋਇਆ ਹੈ, ਜਦੋਂ ਕਿ ਅਧਰਮੀ ਕ੍ਰੋਧ ਵਿਚ ਮਾਰ ਦਿਓ, ਮਾਰ ਦਿਓ ਹੀ ਉਚਾਰਦੇ ਹਨ-

ਇਕ ਰਾਮ ਹੀ ਰਾਮ ਕਹੈਂ ਮੁਖਿ ਤੇ ਇਕੁ ਮਾਰੁ ਮਾਰੁ ਇਹੈ ਉਚਾਰੈ। 1191

ਕ੍ਰਿਸ਼ਨਾਵਤਾਰ ਦਾ ਇਕ ਵਡਾ ਹਿਸਾ ਸੂਰਬੀਰ ਖੜਗ ਸਿੰਘ ਨੂੰ ਸਮਰਪਿਤ ਹੈ, ਜਿਸ ਨੂੰ ਸ੍ਰੀ ਖੜਗੇਸ ਵੀ ਕਿਹਾ ਹੈ। ਇਹ ਪ੍ਰਸੰਗ ਕ੍ਰਿਸ਼ਨਾਵਤਾਰ ਦੇ ਪਦ 1370 ਤੋਂ 1717 ਤਕ ਚਲਦਾ ਹੈ। ਉਸ ਦੀ ਸੂਰਬੀਰਤਾ ਕ੍ਰਿਸ਼ਨ ਅਵਤਾਰ ਵਿਚ ਇਸ ਤਰ੍ਹਾਂ ਛਾਈ ਹੋਈ ਹੈ ਕਿ ਜਿਵੇਂ ਖੜਗ ਸਿੰਘ ਦੀ ਅਸੀਮ ਬਹਾਦਰੀ ਨੂੰ ਪ੍ਰਸਤੁਤ ਕਰਨਾ ਹੀ ਇਸ ਰਚਨਾ ਦਾ ਮੂਲ-ਪ੍ਰਯੋਜਨ ਹੋਵੇ ਜਾਂ ਖੜਗਧਾਰੀ ਸਿੰਘਾਂ ਦੀ ਅਜਿਹੀ ਅਸੀਮ ਸੂਰਬੀਰਤਾ ਨੂੰ ਹੀ ਗੁਰੂ ਜੀ ਸਿਰਜਿਤ ਕਰਨੇ ਚਾਹੁੰਦੇ ਹਨ। ਖੜਗ ਸਿੰਘ ਕਿਉਂ ਕਿ ਕ੍ਰਿਸ਼ਨ ਦੇ ਵੇਲੇ ਕੋਈ ਵਿਅਕਤੀ ਹੈ ਹੀ ਨਹੀਂ ਸੀ, ਸੋ ਇਹ ਪੌਰਾਣਿਕ ਕਹਾਣੀ ਦੀ ਇਕ ਨਿਵੇਕਲੀ ਵਿਆਖਿਆ ਨਹੀਂ, ਬਲਕਿ ਇਕ ਨਵੀਂ ਪ੍ਰਸੰਗ-ਸਿਰਜਨਾ ਹੈ, ਜੋ ਗੁਰੂ ਜੀ ਦਾ ਹੀ ਨਿਸ਼ਾਨਾ ਹੋ ਸਕਦਾ ਸੀ। ਉਹ ਦਬੇ-ਕੁਚਲੇ ਨਿਰਬਲ ਲੋਕਾਂ ਨੂੰ ਉਸ ਖੜਗ ਸਿੰਘ ਦਾ ਰੂਪ ਦੇਣਾ ਚਾਹੁੰਦੇ ਹਨ, ਜਿਸ ਦੀ ਬਹਾਦਰੀ ਅਗੇ ਸਭ ਦੇਵੀ-ਦੇਵਤਿਆਂ ਦੇ ਸਿੰਘਾਸਣ ਡੋਲ ਜਾਣ। ਸ੍ਰੀ ਕ੍ਰਿਸ਼ਨ ਨਾਲ ਖੜਗ ਸਿੰਘ ਦਾ ਕੋਈ ਨਿਜੀ ਵਿਰੋਧ ਨਹੀਂ, ਜਿਵੇਂ ਗੁਰੂ ਅਤੇ ਗੁਰੂ ਦੇ ਸਿਖਾਂ ਦਾ ਔਰੰਗ਼ਜ਼ੇਬ ਨਾਲ ਨਿਜੀ ਵਿਰੋਧ ਨਹੀਂ। ਖੜਗ ਸਿੰਘ ਜਰਾਸੰਧ ਦਾ ਮਿਤਰ ਹੈ। ਜਰਾਸੰਧ ਦੀ ਧੀ ਨਾਲ ਜ਼ਿਆਦਤੀ ਹੋਈ ਅਤੇ ਖੜਗ ਸਿੰਘ ਜਰਾਸੰਧ ਦਾ ਮਿਤਰ ਹੈ,  ਉਸੇ ਤਰ੍ਹਾਂ ਜਿਵੇਂ ਕਰਮਕਾਂਡੀ, ਜਾਤੀਵਾਦੀ, ਬੁਤ-ਪੂਜ ਹਿੰਦੂ ਭਾਵੇਂ ਧਰਮ ਦੇ ਰਾਹ ਤੋਂ ਦੂਰ ਸਨ, ਪਰ ਉਨ੍ਹਾਂ ਦੀ ਇਜ਼ਤ-ਆਬਰੂ ਉਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਗੁਰੂ ਉਨ੍ਹਾਂ ਦਾ ਮਿਤਰ ਸੀ। ਉਹ ਉਨ੍ਹਾਂ ਦੇ ਧਰਮ ਦਾ ਸਮਰਥਕ ਨਹੀਂ, ਪਰ ਉਨ੍ਹਾਂ ਉਤੇ ਹੋ ਰਹੇ ਜ਼ੁਲਮ ਦਾ ਵਿਰੋਧੀ ਹੈ। ਜਰਾਸੰਧ ਨਾਲ ਖੜਗ ਸਿੰਘ ਦੀ ਮਿਤ੍ਰਤਾ ਸੰਬੰਧੀ ਕਿਹਾ ਹੈ-

ਤਿਹ ਭੂਪਤ ਕੋ ਮਿਤ੍ਰ ਇਕ ਖੜਗ ਸਿੰਘ ਤਿਹ ਨਾਮ॥ ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ। 1370॥
ਉਸ ਨਾਲ ਵੀ ਬਰ ਸਿੰਘ, ਗਵਨ ਸਿੰਘ, ਧਰਮ ਸਿੰਘ, ਭਵ ਸਿੰਘ ਇਹ ਚਾਰ ਹੋਰ ਰਾਜੇ ਹਨ, ਭਾਵ ਉਸ ਸਮੇਤ ਇਥੇ ਵੀ ਪੰਜ ਸੈਨਾ-ਮੁਖੀ ਹਨ-
ਕ੍ਰੁਧਤ ਹ੍ਵੈ ਅਤਿ ਮਨ ਬਿਖੈ ਚਾਰ ਭੂਪ ਤਿਹ ਸਾਥ॥ ਜੁੱਧੁ ਕਰਨਿ ਹਰਿ ਸਿਉ ਚਲਯੋ ਅਮਿਤ ਸੈਨ ਲੈ ਸਾਥ। 1371॥

ਇਨ੍ਹਾਂ ਨੇ ਦਸ ਹਜ਼ਾਰ ਹਾਥੀਆਂ ਸਹਿਤ ਭਾਰੀ ਫ਼ੌਜ਼ ਨਾਲ ਯਾਦਵਾਂ ਨੂੰ ਘੇਰ ਲਿਆ। ਸਿੰਘ ਦਾ ਮੁਕਾਬਲਾ ਸਿੰਘ ਹੀ ਕਰ ਸਕਦਾ ਹੈ। ਉਸ ਸਮੇਂ ਦੀ ਸਥਿਤੀ ਇਹੋ ਹੈ। ਜੇ ਕੁਝ ਅਣਖ ਵਾਲੇ ਭਾਰਤੀ ਲੋਕ ਮੁਗ਼ਲਾਂ ਨਾਲ ਸੰਘਰਸ਼ ਕਰ ਰਹੇ ਹਨ, ਤਾਂ ਦੂਜੇ ਪਾਸੇ ਖਤਰੀ ਆਪਣਾ ਧਾਰਮਿਕ ਕਰਤਵ ਤਿਆਗ ਕੇ ਮੁਗ਼ਲਾਂ ਦੀ ਮਦਦ ਲਈ ਆਪਣੇ ਭਰਾਵਾਂ ਨਾਲ ਹੀ ਲੜ ਰਹੇ ਹਨ। ਇਹ ਭਾਵ ਹੈ ਦੋਹਾਂ ਪਾਸੇ ਸਿੰਘ ਨਾਵਾਂ ਦਾ। ਸੋ ਕ੍ਰਿਸ਼ਨ ਵਲੋਂ ਵੀ ਸਿੰਘਾਂ ਦਾ ਮੁਕਾਬਲਾ ਕਰਨ ਵਾਸਤੇ ਸਰਸ ਸਿੰਘ, ਬੀਰ ਸਿੰਘ, ਮਹਾਂ ਸਿੰਘ, ਸਾਰ ਸਿੰਘ (ਭਾਵ ਸਰਬਲੋਹ ਸਿੰਘ), ਸਾਹਮਣੇ ਆਉਂਦੇ ਹਨ। ਸਾਰ ਸਿੰਘ ਦੇ ਰੂਪ ਵਿਚ ਇਥੇ ਸਰਬਲੋਹ ਦੀ ਵਿਸ਼ੇਸ਼ਤਾ ਸਿਰਜਿਤ ਕੀਤੀ ਗਈ ਹੈ, ਜੋ ਕੇਵਲ ਗੁਰੂ-ਚਿਤ ਵਿਚੋਂ ਆ ਸਕਦੀ ਹੈ। ਸਰਬਲੋਹ ਦੇ ਸ਼ਸਤ੍ਰਾਂ ਦੀ ਪਵਿਤਰਤਾ ਦਾ ਸਬਕ ਕੋਈ ਆਪਣੇ ਦੁਸ਼ਮਣ ਨੂੰ ਨਹੀਂ ਪੜ੍ਹਾ ਸਕਦਾ। ਦੁਸ਼ਮਣ ਤਾਂ ਸ਼ਸਤ੍ਰਹੀਣ ਕਰਨਾ ਚਾਹੁੰਦਾ ਹੈ। ਦਸਮ ਗ੍ਰੰਥ ਵਿਚ ਕੀਤੀ ਸ਼ਸਤ੍ਰਾਂ ਦੀ ਮਹਿਮਾ ਰਾਹੀਂ ਸਿਖਾਂ ਨੂੰ ਸ਼ਸਤ੍ਰਧਾਰੀ ਯੋਧੇ ਬਣਨ ਦੀ ਪ੍ਰੇਰਨਾ ਸਿਖਾਂ ਦੇ ਕਿਸੇ ਮਿਤਰ-ਪਿਆਰੇ ਦੀ ਹੋ ਸਕਦੀ ਹੈ, ਵੈਰੀ ਦੀ ਬਿਲਕੁਲ ਨਹੀਂ। ਵੈਰੀ ਕਿਉਂ ਚਾਹੇਗਾ ਕਿ ਉਸ ਦਾ ਵਿਰੋਧੀ ਸ਼ਸਤ੍ਰਧਾਰੀ ਸੂਰਮਾ ਹੋਵੇ। ਸਾਰ ਸਿੰਘ ਸਮੇਤ ਉਪਰੋਕਤ ਸਾਰਿਆਂ ਨੂੰ ਖੜਗ ਸਿੰਘ ਨੇ ਮਾਰ ਦਿਤਾ। ਸੂਰਤ ਸਿੰਘ, ਸਪੂਰਨ ਸਿੰਘ, ਬਰ ਸਿੰਘ, ਮਤਿ ਸਿੰਘ  ਵੀ ਜੂਝੇ, ਪਰ ਖੜਗ ਸਿੰਘ ਦੇ ਹਥੋਂ ਸਭ ਮਾਰੇ ਗਏ। ਯੁਧ ਵਿਚ ਉਸ ਦੀ ਫੁਰਤੀ ਵੇਖਣ ਵਾਲੀ ਹੈ-

ਖੜਗ ਸਿੰਘ ਅਤਿ ਲਰਤ ਹੈ ਰਸ ਰੁਦ੍ਰਹਿ ਅਨੁਰਾਗਿ। ਰਨ ਚੰਚਲਤਾ ਬਹੁ ਕਰਤ ਜਨ ਨਟੂਆ ਬਡਭਾਗਿ। 1386॥ 

ਇਥੇ ਹੀ ਰਚਨਾਕਾਰ ਸੰਸਾਰ ਵਿਚ ਚਲ ਰਹੇ ਸੰਘਰਸ਼ ਨੂੰ ਸੁਖਦ ਰੂਪ ਵਿਚ ਪੇਸ਼ ਕਰਦਾ ਹੈ। ਅਹਿੰਸਾਵਾਦੀ ਲੋਕ ਜਿਥੇ ਸੰਘਰਸ਼ ਤੋਂ ਬੇਮੁਖ ਹੋ ਕੇ ਇਸ ਦੀ ਬੁਰੀ ਤਸਵੀਰ ਪੇਸ਼ ਕਰਦੇ ਹਨ, ਉਥੇ ਸੰਘਰਸ਼ ਨੂੰ ਵਿਕਾਸਵਾਦੀ ਰੁਚੀਆਂ ਦਾ ਮੂਲ ਮੰਨ ਕੇ ਇਸ ਨੂੰ ਸੁਭਾਵਿਕ ਸਮਝਣ ਵਾਲੇ ਲੋਕ ਇਸ ਦੇ ਮਾੜੇ ਨਤੀਜਿਆਂ ਦੀ ਇਤਨੀ ਬੁਰੀ ਤਸਵੀਰ ਲੋਕਾਂ ਸਾਹਮਣੇ ਪੇਸ਼ ਨਹੀਂ ਕਰਦੇ ਕਿ ਬੁਰਾਈ ਵਿਰੁਧ ਜੂਝਣ ਦਾ ਉਤਸ਼ਾਹ ਹੀ ਖ਼ਤਮ ਹੋ ਜਾਵੇ। ਜੇ ਯੁਧ ਮੌਤ ਦਾ ਤਾਂਡਵ ਹੈ, ਤਾਂ ਇਹ ਵੀ ਸਚ ਹੈ ਕਿ ਧਰਮ ਹਿਤ ਲੜਨ ਵਾਲੇ ਸੂਰਬੀਰਾਂ ਦਾ ਡੁਲ੍ਹਿਆ ਖੂਨ ਅਜਿਹਾ ਵਾਤਾਵਰਣ ਪੈਦਾ ਕਰਦਾ ਹੈ, ਜਿਥੇ ਸਭ ਬੰਧਨਾਂ ਤੋਂ ਆਜ਼ਾਦ ਹੋਈ ਖਲਕਤ ਹੋਲੀ ਦਾ ਗੁਲਾਲ ਨਿਰਭੈ ਹੋ ਕੇ ਬਖੇਰ ਸਕੇ। ਇਸ ਕਰ ਕੇ ਗਿਆਨਵਾਨਾਂ ਲਈ ਸ਼ਹੀਦਾਂ ਦਾ ਖੂਨ ਹੀ ਗੁਲਾਲ ਬਣ ਜਾਂਦਾ ਹੈ-

ਬਾਨ ਚਲੇ ਤੇਈ ਕੁੰਕਮ ਮਾਨਹੁ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ। ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ। ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ। ਖੇਲਤ ਫਾਗੁ ਕਿ ਬੀਰ ਲਰੈ ਨਵਲਾਸੀ ਲੀਏ ਕਰਵਾਰ ਕਟਾਰੀ। 1385॥

ਖੜਗ ਸਿੰਘ ਨਾਲ ਜੂਝਦੇ ਸ੍ਰੀ ਕ੍ਰਿਸ਼ਨ ਦੇ ਸਾਰੇ ਸੂਰਬੀਰ ਹਾਰ ਰਹੇ ਹਨ, ਉਹ ਨਿਰਾਸ਼ਾ ਅਤੇ ਗੁਸੇ ਵਿਚ ਸਾਰੇ ਸਮਰਥਕਾਂ ਨੂੰ ਵੰਗਾਰ ਕੇ ਕਹਿੰਦਾ ਹੈ ਕਿ ਸਾਰੀ ਸੈਨਾ ਵਿਚ ਕੌਣ ਅਜਿਹਾ ਸੂਰਬੀਰ ਹੈ, ਜੋ ਖੜਗ ਸਿੰਘ ਦਾ ਮੁਕਾਬਲਾ ਕਰ ਸਕੇ ? ਉਸ ਸਮੇਂ ਘਨ ਸਿੰਘ, ਘਾਤ ਸਿੰਘ, ਘਨੁਸਰ ਸਿੰਘ, ਘਮੰਡ ਸਿੰਘ ਨਿਕਲਦੇ ਹਨ, ਪਰ ਖੜਗ ਸਿੰਘ ਹਥੋਂ ਮਾਰੇ ਜਾਂਦੇ ਹਨ। ਇਥੇ ਨਾਵਾਂ ਵਿਚ ਬਦਸੂਰਤੀ ਆ ਗਈ ਹੈ, ਕਿਉਂਕਿ ਹਾਰ ਵੇਖ ਕੇ ਜੇ ਯੋਧਾ ਧੀਰਜ ਅਤੇ ਅਡੋਲਤਾ ਨੂੰ ਤਿਆਗ ਕੇ ਵਿਚਲਿਤ ਹੋ ਜਾਂਦਾ ਹੈ, ਤਾਂ ਯੁਧ ਵਿਚ ਭ੍ਰਿਸ਼ਟ-ਵਿਵਹਾਰ ਆਉਣ ਦਾ ਸੰਦੇਹ ਬਣ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇ ਵੀਹ ਹਜ਼ਾਰ ਸੈਨਿਕ ਖੜਗ ਸਿੰਘ ਨੇ ਮਾਰ ਦਿਤੇ। ਇਸ ਵਿਗੜੇ ਵਿਵਹਾਰ ਕਾਰਨ ਸ੍ਰੀ ਕ੍ਰਿਸ਼ਨ ਰਾਕਸ਼ਾਂ ਦੀ ਮਦਦ ਲੈਣ ਤੋਂ ਵੀ ਸੰਕੋਚ ਨਹੀਂ ਕਰਦੇ। ਰਾਕਸ਼ਾਂ ਦਾ ਮੁਖੀ ਬਿਜਲੀ ਜੈਸੀ ਚਮਕਦੀ ਤਲਵਾਰ ਹਥ ਵਿਚ ਲੈ ਕੇ ਖੜਗ ਸਿੰਘ ਉਤੇ ਟੁਟ ਪਿਆ। ਤੀਰਾਂ ਦੀ ਵਰਖਾ ਭਰਪੂਰ ਕੀਤੀ। ਪਰ ਖੜਗ ਸਿੰਘ ਨੇ ਉਸ ਨੂੰ ਵੀ ਮਾਰ ਦਿਤਾ। ਹੁਣ ਸਾਰੀ ਦੈਂਤ ਸੈਨਾ ਖੜਗ ਸਿੰਘ ਉਤੇ ਟੁਟ ਪਈ, ਪਰ ਖੜਗ ਸਿੰਘ ਡਰਦਾ ਨਹੀਂ, ਤੀਰਾਂ ਨਾਲ ਉਨ੍ਹਾਂ ਦੀਆਂ ਛਾਤੀਆਂ ਵਿੰਨ੍ਹ ਦੇਂਦਾ ਹੈ। ਖੜਗ ਸਿੰਘ ਜ਼ਖ਼ਮੀ ਤਾਂ ਹੋ ਜਾਂਦਾ ਹੈ, ਪਰ ਜ਼ਖ਼ਮਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਸਾਰੇ ਰਾਕਸ਼ਾਂ ਨੂੰ ਜਮਪੁਰੀ ਪਹੁੰਚਾ ਦੇਂਦਾ ਹੈ। ਇਸ ਤੋਂ ਮਗਰੋਂ ਝੂਝਨ ਸਿੰਘ ਲੜਨ ਲਈ ਖੜਗ ਸਿੰਘ ਦੇ ਸਾਹਮਣੇ ਆਇਆ, ਪਰ ਉਸ ਦੇ ਮਰਨ ਨਾਲ ਜਾਦਵ ਸੈਨਾ ਇੰਞ ਦੌੜੀ, ਜਿਵੇਂ ਬਕਰੀਆਂ ਸ਼ੇਰ ਅਗੇ। ਖੜਗ ਸਿੰਘ ਨੇ ਦੌੜਦੇ ਯਾਦਵਾਂ ਦਾ ਪਿਛਾ ਕਰਦਿਆਂ ਉਨ੍ਹਾਂ ਨੂੰ ਵੰਗਾਰਿਆ।

ਯਾਦਵਾਂ ਨੇ ਵਿਚਾਰ ਕੀਤੀ ਕਿ ਇਕ ਤਕੜਾ ਹਮਲਾ ਕਰ ਕੇ ਸਾਰੇ ਰਲ ਕੇ ਇਸ ਨੂੰ ਘੇਰ ਲਈਏ। ਪਰ ਸ੍ਰੀ ਕ੍ਰਿਸ਼ਨ ਦੇ ਜ਼ਖ਼ਮੀ ਹੋ ਜਾਣ ਕਰ ਕੇ ਉਹ ਟਿਕ ਨਾ ਸਕੇ। ਕ੍ਰਿਸ਼ਨ ਅਤੇ ਬਲਿਰਾਮ ਸਹਿਤ ਸਾਰੇ ਯਾਦਵ ਦੌੜ ਗਏ। ਸ੍ਰੀ ਕ੍ਰਿਸ਼ਨ ਮਨ ਵਿਚ ਆਪਣੇ ਆਪ ਨੂੰ ਕੋਸਦੇ ਵੀ ਹਨ ਕਿ ਆਖ਼ਿਰ ਮੈਂ ਗਵਾਲਿਆਂ ਵਾਲਾ ਕੰਮ ਹੀ ਕੀਤਾ ਹੈ। ਸ੍ਰੀ ਕ੍ਰਿਸ਼ਨ ਸੈਨਾ ਨੂੰ ਸੰਗਠਿਤ ਕਰ ਕੇ ਫਿਰ ਵਾਪਿਸ ਪਰਤੇ। ਉਨ੍ਹਾਂ ਖੜਗ ਸਿੰਘ ਨੂੰ ਲਲਕਾਰ ਕੇ ਆਖਿਆ ਕਿ ਇਕ ਪਹਿਰ ਦਿਨ ਰਹਿੰਦਿਆਂ ਹੀ ਮੈਂ ਤੈਨੂੰ ਮਾਰ ਦੇਵਾਂਗਾ। ਤੂੰ ਚੰਮ ਦੇ ਸਿਕੇ ਚਲਾ ਲਏ ਹਨ, ਮਸਤਿਆ ਹਾਥੀ ਤਦੋਂ ਤਕ ਗਰਜਦਾ ਹੈ, ਜਦੋਂ ਤਕ ਸ਼ੇਰ ਕ੍ਰੋਧ ਕਰ ਕੇ ਉਸ ਨੂੰ ਗਰਦਨ ਤੋਂ ਨਾ ਫੜ ਲਵੇ। ਉਸ ਨੇ ਕਿਹਾ ਪ੍ਰਾਣਾਂ ਦੀ ਪੂੰਜੀ ਐਵੇਂ ਨਾ ਲੁਟਾ, ਹਥਿਆਰ ਸੁਟ ਕੇ ਚੁਪ-ਚਾਪ ਤੁਰ ਜਾ। ਖੜਗ ਸਿੰਘ ਨੇ ਜਵਾਬ ਦਿਤਾ 'ਕਿਉਂ ਉਸ ਵਿਅਕਤੀ ਵਾਂਗ ਰੌਲਾ ਪਾ ਰਿਹਾ ਹੈਂ ਜਿਸ ਨੂੰ ਕਿਸੇ ਨੇ ਜੰਗਲ ਵਿਚ ਲੁਟ ਲਿਆ ਹੋਵੇ'। ਖੜਗ ਸਿੰਘ ਦੀ ਕ੍ਰਿਸ਼ਨ ਨੂੰ ਨਸੀਹਤ ਰਾਹੀਂ ਕਵੀ ਯੁਧ ਵਿਚ ਧੀਰਜ ਬਣਾਈ ਰਖਣ ਦੀ ਪ੍ਰੇਰਨਾ ਦੇਂਦਾ ਹੈ- 'ਕਾਹੇ ਕਉ ਕ੍ਰੋਧ ਸੋਂ ਜੁਧੁ ਕਰੋ ਹਰਿ’। ਪਰ ਕ੍ਰਿਸ਼ਨ ਫਿਰ ਗੁਸੇ ਵਿਚ ਹੀ ਤੀਰ ਚਲਾਉਂਦਾ ਹੈ। ਦੋਵੇਂ ਜ਼ਖ਼ਮੀ ਹੋ ਜਾਂਦੇ ਹਨ। ਕ੍ਰਿਸ਼ਨ ਨੇ ਆਪਣੀ ਮਦਦ ਵਾਸਤੇ ਇੰਦਰ ਸਹਿਤ ਸਵਰਗ ਦੇ ਸਾਰੇ ਯੋਧੇ ਬੁਲਾ ਲਏ, ਪਰ ਉਹ ਖੜਗ ਸਿੰਘ ਦੀ ਮਾਰ ਤੋਂ ਡਰ ਕੇ ਦੌੜ ਗਏ। ਲਾਚਾਰ ਕ੍ਰਿਸ਼ਨ ਨੇ ਫਿਰ ਰਾਕਸ਼ਾਂ ਦੀ ਮਦਦ ਲਈ। ਇਥੇ ਇਕ ਰਾਕਸ਼ ਦਾ ਨਾਮ ਕ੍ਰੂਰਕਰਮ ਦਸਿਆ ਹੈ, ਜਿਸ ਤੋਂ ਗੁਰੂ ਜੀ ਦਾ ਭਾਵ ਇਹ ਹੈ ਕਿ ਆਰੀਆ ਲੋਕਾਂ ਵਾਂਗ ਵਿਰੋਧੀਆਂ ਨੂੰ ਰਾਕਸ਼ ਨਹੀਂ ਕਹਿਣਾ ਚਾਹੀਦਾ, ਬਲਕਿ ਰਾਕਸ਼ ਉਹ ਹੈ ਜੋ ਬੁਰੇ ਕਰਮ ਕਰਦਾ ਹੈ-

ਕ੍ਰੂਰਕਰਮ ਇਕ ਰਾਛਸ ਨਾਮਾ॥ ਜਿਨ ਜੀਤੇ ਆਗੇ ਸੰਗ੍ਰਾਮਾ। 1471॥

ਇਹ ਰਾਕਸ਼ ਵੀ ਖੜਗ ਸਿੰਘ ਨੇ ਮਾਰ ਭਜਾਏ। ਸ੍ਰੀ ਕ੍ਰਿਸ਼ਨ ਨੇ ਜਲ-ਦੇਵ ਨੂੰ ਬੁਲਾਇਆ ਪਰ ਉਹ ਵੀ ਖੜਗ ਸਿੰਘ ਨੂੰ ਜਿਤ ਨਾ ਸਕਿਆ। ਫਿਰ ਕੁਬੇਰ ਨੂੰ ਸਦਿਆ ਗਿਆ। ਕੁਬੇਰ ਦੇ ਅਨੇਕ ਦਲ ਇਕੋ ਬਾਣ ਨਾਲ ਮਾਰੇ ਗਏ। ਕੁਬੇਰ ਅਤੇ ਜਲ-ਦੇਵ ਨੂੰ ਬੁਲਾਉਣ ਦਾ ਸੰਬੰਧ ਯੁਧ-ਨੀਤੀ ਨਾਲ ਹੈ। ਕਵੀ ਨਾਟਕੀ ਭਾਸ਼ਾ ਵਿਚ ਦਸ ਰਿਹਾ ਹੈ ਕਿ ਯੁਧ-ਨੀਤੀ ਵਿਚ ਪਾਣੀ ਦੀ ਵਰਤੋਂ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ। ਸ੍ਰੀ ਕ੍ਰਿਸ਼ਨ ਦੁਆਰਾ ਜਲ-ਦੇਵ ਨੂੰ ਸਦਣ ਦਾ ਭਾਵ ਇਹ ਹੈ ਕਿ ਜਾਂ ਤਾਂ ਉਨ੍ਹਾਂ ਜਲ ਦੇ ਕਿਸੇ ਵਿਸ਼ਾਲ ਸੋਮੇ ਦੀ ਵਰਤੋਂ ਕਰ ਕੇ ਉਸ ਦੇ ਪਾਣੀ ਦਾ ਬਹਾਅ ਖੜਗ ਸਿੰਘ ਦੀ ਸੈਨਾ ਵਲ ਮੋੜ ਦਿਤਾ, ਜਾਂ ਉਨ੍ਹਾਂ ਪਾਣੀ ਨਾਲ ਆਪਣੀ ਸੁਰਖਿਆ ਦਾ ਪ੍ਰਬੰਧ ਕੀਤਾ ਹੋਵੇਗਾ, ਜਿਸ ਤਰ੍ਹਾਂ ਕਿਲਿਆਂ ਦੇ ਬਾਹਰ ਖਾਈ ਵਿਚ ਪਾਣੀ ਭਰ ਦਿਤਾ ਜਾਂਦਾ ਸੀ। ਇਹ ਨੀਤੀਵਾਨਾਂ ਲਈ ਇਕ ਮਹਾ-ਉਪਦੇਸ਼ ਹੈ। ਕੁਬੇਰ ਤੋਂ ਭਾਵ ਹੈ, ਧਨ ਦੀ ਵਰਤੋਂ ਨਾਲ ਦੁਸ਼ਮਣ ਦੀ ਫ਼ੌਜ਼ ਨੂੰ ਖ਼ਰੀਦਣਾ, ਜਾਂ ਧਨ ਦੇ ਕੇ ਹਮਲਾਵਰ ਤੋਂ ਆਪਣੀ ਜਾਨ ਛੁਡਾਉਣੀ। ਅਜਿਹੀ ਪੇਸ਼ਕਸ਼ ਬੰਦਾ ਸਿੰਘ ਬਹਾਦੁਰ ਸਾਹਮਣੇ ਰਖੀ ਗਈ ਸੀ। ਉਸ ਨੇ ਇਹ ਪੇਸ਼ਕਸ਼ ਠੁਕਰਾ ਦਿਤੀ। ਪਰ ਜਦੋਂ ਵਿਰੋਧੀ ਧਿਰ ਨੇ ਲਾਲਚਵਸ ਇਸ ਪੇਸ਼ਕਸ਼ ਨੂੰ ਪ੍ਰਵਾਣ ਕਰ ਲਿਆ, ਤਾਂ ਸਿਖਾਂ ਦੀ ਜਿਤੀ ਹੋਈ ਬਾਜ਼ੀ ਹਾਰੀ ਗਈ। ਸੋ ਗੁਰੂ ਜੀ ਦਾ ਖੜਗ ਸਿੰਘ ਉਹ ਹੋ ਸਕਦਾ ਹੈ, ਜੋ ਯੁਧ-ਕਲਾ ਨੂੰ ਜਾਣਦਾ ਹੋਵੇ। ਕ੍ਰਿਸ਼ਨਾਵਤਾਰ ਦਾ ਖੜਗ ਸਿੰਘ, ਉਹ ਹੈ ਜਿਸ ਦੀ ਦ੍ਰਿੜ੍ਹਤਾ ਸਹਿਤ ਕੀਤੀ ਤੀਰਾਂ ਦੀ ਵਰਖਾ ਅਗੇ ਧਨ ਦੀਆਂ ਸਾਰੀਆਂ ਪੇਸ਼ਕਾਰੀਆਂ ਬਲ ਹਾਰ ਗਈਆਂ- 

ਨਿਜ ਕਰ ਮੈ ਧਨੁ ਬਾਨ ਸੰਭਾਰਿਓ। ਅਗਨਤ ਦਲੁ ਇਕ ਪਲ ਮੈ ਮਾਰਿਓ। 1495॥

ਮਜ਼ਬੂਰ ਕ੍ਰਿਸ਼ਨ ਨੇ ਰੁਦ੍ਰ-ਅਸਤ੍ਰ ਚਲਾ ਕੇ ਸ਼ਿਵ ਨੂੰ ਬੁਲਾਇਆ। ਉਹ ਗਣੇਸ਼, ਕਾਰਤਿਕ ਅਤੇ ਗਣਾਂ ਸਹਿਤ ਖੜਗ ਸਿੰਘ ਨਾਲ ਲੜਨ ਵਾਸਤੇ ਆ ਗਿਆ। ਪਰ ਖੜਗ ਸਿੰਘ ਉਹ ਹੈ, ਜੋ ਗ਼ੈਬੀ-ਸ਼ਕਤੀਆਂ ਦੀ ਮਦਦ ਦੀ ਆਸ ਉਤੇ ਨਹੀਂ ਜਿਊਂਦਾ, ਜਿਵੇਂ ਕਿ ਗੁਰੂ ਸਾਹਿਬ ਦੇ ਵੇਲੇ ਵੀ ਬ੍ਰਾਹਮਣਵਾਦੀ ਅਨਸਰ ਲੋਕਾਂ ਵਿਚ ਇਹ ਭਰਮ ਪੈਦਾ ਕਰ ਰਿਹਾ ਸੀ ਕਿ ਦੇਵੀ ਪ੍ਰਗਟ ਹੋਵੇਗੀ ਤਾਂ ਹੀ ਜ਼ੁਲਮ ਰੁਕ ਸਕਦਾ ਹੈ ਅਤੇ ਗੁਰੂ ਜੀ ਨੇ ਲੋਕਾਂ ਦੇ ਮਨ ਤੋਂ ਇਸ ਭਰਮ ਦੇ ਪਰਦੇ ਨੂੰ ਹਟਾਉਣ ਲਈ ਬ੍ਰਾਹਮਣਾਂ ਨੂੰ ਦੇਵੀ ਪ੍ਰਗਟ ਕਰਨ ਦੀ ਵੰਗਾਰ ਪਾਈ ਸੀ ਅਤੇ ਅੰਤ ਵਿਚ ਲੋਕਾਂ ਨੂੰ ਦਸ ਦਿਤਾ ਸੀ ਕਿ ਨਿਜ-ਬਲ ਹੀ ਦੁਖ-ਮੁਕਤੀ ਦਾ ਅੰਤਿਮ ਸਾਧਨ ਹੈ। ਖੜਗ ਸਿੰਘ ਅਜਿਹੇ ਵਹਿਮਾਂ-ਭਰਮਾਂ ਤੋਂ ਉਪਰ ਹੈ। ਉਹ ਆਤਮ-ਵਿਸ਼ਵਾਸੀ ਯੋਧਾ ਇਕ ਨਹੀਂ ਅਨੇਕਾਂ ਦੇਵਤਿਆਂ ਨੂੰ ਲਲਕਾਰ ਕੇ ਆਖਦਾ ਹੈ-

‘ਰੇ ਸ਼ਿਵ ਆਜ ਅਯੋਧਨ ਮੈ ਲਰਿ ਲੈ ਹਮ ਸੋਂ ਕਰ ਲੈ ਬਲ ਜੇਤੋ।
ਐ ਰੇ ਗਨੇਸ਼ ਲਰੈਂ ਹਮਰੇ ਸੰਗ ਤੁਮਰੇ ਤਨ ਮੈ ਬਲ ਏਤੋ।
ਕਿਉਂ ਰੇ ਖੜਾਨਨ ਤੂ ਗਰਬੈ ਮਰ ਹੈ ਅਬ ਹੀ ਇਕ ਬਾਨ ਲਗੈ ਤੋ।
ਕਾਹੇ ਕਉ ਜੂਝ ਮਰੇ ਰਨ ਮੈ ਅਬ ਲਉ ਨ ਗਯੋ ਕਛੁ ਜੀਅ ਮਹਿ ਚੇਤੋ। ..1504 ॥

ਅਜਿਹੇ ਦ੍ਰਿੜ੍ਹ-ਸੰਕਲਪ ਵੀਰ-ਨਾਇਕ ਖੜਗ ਸਿੰਘ ਅਗੇ ਕਿਸ ਨੇ ਟਿਕਣਾ ਸੀ-

ਜਬ ਸ਼ਿਵ ਜੂ ਕਛੁ ਸੰਗਿਆ ਪਾਈ। ਭਾਜਿ ਗਯੋ ਤਜ ਦਈ ਲਰਾਈ। ਅਉਰ ਸਗਲ ਡਰ ਕੈ ਗਨ ਭਾਗੇ। ਐਸੋ ਕੋ ਭਟ ਆਵੈ ਆਗੇ। 1528॥

ਖੜਗ ਸਿੰਘ ਅੰਦਰ ਯੁਧ ਦਾ ਚਾਅ ਹੈ ਅਤੇ ਹਾਰ ਜਿਤ ਦੀ ਕੋਈ ਚਿੰਤਾ ਨਹੀਂ। ਅਸਲ ਸੂਰਬੀਰ ਉਹੋ ਹੈ, ਜੋ ਹਾਰ-ਜਿਤ ਦੀ ਪ੍ਰਵਾਹ ਕੀਤੇ ਬਿਨਾ ਆਪਣਾ ਫ਼ਰਜ਼ ਜਾਣ ਕੇ ਪੂਰਾ ਜੀਵਨ ਚਾਅ ਸਹਿਤ ਸੰਘਰਸ਼ ਕਰੇ। ਯੁਧ ਦਾ ਚਾਅ ਖੜਗ ਸਿੰਘ ਅੰਦਰ ਅਜੇਹੀ ਉਦਾਰਤਾ ਪੈਦਾ ਕਰਦਾ ਹੈ ਕਿ ਉਹ ਜਦੋਂ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਮਾਰਨਾ ਕੋਈ ਮੁਸ਼ਕਿਲ ਨਹੀਂ, ਤਾਂ ਵੀ ਉਹ ਇਹ ਸੋਚ ਕੇ ਉਸ ਨੂੰ ਮਾਰਦਾ ਨਹੀਂ ਕਿ ਜੇ ਇਹ ਮਰ ਗਿਆ ਤਾਂ ਲੜਾਈ ਦਾ ਸਵਾਦ ਨਹੀਂ ਆਉਣਾ। ਗੁਰੂ ਜੀ ਸਿਖਿਆ ਦੇਂਦੇ ਹਨ ਕਿ ਯੋਧਾ ਕੇਵਲ ਉਹ ਨਹੀਂ ਜੋ ਵਾਰ ਕਰਦਾ ਹੈ, ਸਗੋਂ ਅਸਲ ਸੂਰਬੀਰ ਉਹ ਹੈ, ਜੋ ਮਨੁਖਤਾ ਦੇ ਉਥਾਨ ਵਾਸਤੇ ਆਪਣੇ ਤਨ ਉਪਰ ਚੋਟਾਂ ਸਹਿ ਕੇ ਪ੍ਰਸੰਨ ਹੁੰਦਾ ਹੈ। ਖੜਗ ਸਿੰਘ ਅਜਿਹਾ ਹੀ ਬੀਰ-ਬਹਾਦਰ ਹੈ, ਜੋ ਸਰੀਰ ਉਤੇ ਪੈਂਦੀਆਂ ਚੋਟਾਂ ਵਿਚੋਂ ਆਨੰਦ ਦੀ ਅਨੁਭੂਤੀ ਕਰਦਾ ਹੈ-

ਚਿੰਤ ਕਰੀ ਚਿਤ ਮੈ ਤਿਹ ਭੂਪਤਿ ਜੋ ਇਹ ਕਉ ਅਬ ਹਉਂ ਬਧ ਕੈਹਉਂ।
ਸੈਨ ਸਭੈ ਭਜ ਹੈ ਜਬ ਹੀ ਤਬ ਕਾ ਸੰਗ ਜਾਇ ਕੈ ਜੁਧ ਮਚੈਹਉਂ
ਹਉਂ ਕਿਹ ਪੈ ਕਰਿਹੋਂ ਬਹੁ ਘਾਇਨ, ਕਾ ਕੈ ਹਉਂ ਘਾਇਨ ਸਨਮੁਖ ਖੈਹਉਂ।
ਛਾਡਿ ਦਯੋ ਕਹਿਓ ਜਾਹੁ ਚਲੇ ਹਰਿ, ਤੋ ਸਮ ਸੁਰ ਕਹੂੰ ਨਹੀ ਪੈਹਉ। 1533॥

ਇਸ ਹਾਲਤ ਵਿਚ ਬ੍ਰਹਮਾ ਕ੍ਰਿਸ਼ਨ ਦੀ ਸਹਾਇਤਾ ਲਈ ਆਇਆ ਅਤੇ ਉਸ ਸ੍ਰੀ ਕ੍ਰਿਸ਼ਨ ਨੂੰ ਆਖਿਆ ਕਿ ਇਸ ਨਾਲ ਵਿਸ਼ਣੂ ਸੰਘਰਸ਼ ਕਰੇ ਅਤੇ ਸਾਰੇ ਸੂਰਬੀਰ ਦੇਵਤੇ ਯੁਧ ਕਰਨ ਵਾਸਤੇ ਬੁਲਾਏ ਜਾਣ, ਫਿਰ ਸੁਰਗ-ਪਰੀਆਂ ਵੀ ਕਾਮੁਕ ਹਾਵ-ਭਾਵ ਕਰ ਕੇ ਇਸ ਦੇ ਚਿਤ ਨੂੰ ਵਿਚਲਿਤ ਕਰ ਦੇਣ, ਇਹ ਤਾਂ ਮਰ ਸਕਦਾ ਹੈ। ਪਰ ਇਹ ਸਾਰੇ ਯਤਨ ਅਸਫਲ ਰਹੇ। ਬ੍ਰਹਮਾ ਨੇ ਕਿਹਾ ਕਿ ਇਸ ਦੇ ਹਥ ਵਿਚ ਜਿਹੜਾ ਤਾਵੀਜ਼ ਅਤੇ ਸ੍ਰੀ ਰਾਮ ਚੰਦ੍ਰ ਦਾ ਜੋ ਤਾਜ ਇਸ ਕੋਲ ਹੈ, ਉਹ ਭਿਖਾਰੀ ਬਣ ਕੇ ਛਲ ਨਾਲ ਇਸ ਤੋਂ ਦਾਨ ਵਿਚ ਮੰਗਿਆ ਜਾਵੇ, ਤਾਂ ਇਸ ਨੂੰ ਮਾਰਨਾ ਆਸਾਨ ਹੋ ਸਕਦਾ ਹੈ। ਕ੍ਰਿਸ਼ਨ ਨੇ ਬ੍ਰਾਹਮਣ ਦਾ ਰੂਪ ਬਣਾਇਆ, ਪਰ ਖੜਗ ਸਿੰਘ ਨੇ ਉਸ ਨੂੰ ਪਛਾਣ ਲਿਆ। ਪਛਾਣਨ ਦੇ ਬਾਵਜੂਦ ਉਹ ਬਹਾਦਰਾਂ ਵਾਂਗ ਉਦਾਰ-ਦਿਲੀ ਨਾਲ ਕਹਿੰਦਾ ਹੈ ਕਿ ਜੇ ਮੰਗਤੇ ਬਣੇ ਹੋ ਤਾਂ ਮੰਗੋ ਜੋ ਮੰਗਣਾ ਹੈ। ਇਥੇ ਇਹ ਸੰਕੇਤ ਦਿਤਾ ਗਿਆ ਹੈ ਕਿ ਯੋਧੇ ਜਿਤਨਾ ਉਦਾਰ-ਚਿਤ ਹੋਰ ਕੋਈ ਵਿਅਕਤੀ ਨਹੀਂ ਹੋ ਸਕਦਾ। ਉਹ ਪਰ-ਸਵਾਰਥ ਲਈ ਆਪਣੇ ਪ੍ਰਾਣਾਂ ਦਾ ਮਹਾਦਾਨ ਦੇਣ ਤੋਂ ਕਦੇ ਪਿਛੇ ਨਹੀਂ ਹਟਦਾ। ਕ੍ਰਿਸ਼ਨ ਨੇ ਬ੍ਰਹਮਾ ਦੇ ਕਹਿਣ ਅਨੁਸਾਰ ਦੋਵੇਂ ਚੀਜ਼ਾਂ ਮੰਗ ਲਈਆਂ। ਉਸ ਸੂਰਬੀਰ ਨੇ ਕਿਹਾ ਮਰਨਾ ਤਾਂ ਇਕ ਦਿਨ ਹੈ, ਇਸ ਕਰ ਕੇ ਨੇਕੀ ਤੋਂ ਪਿਛੇ ਨਾ ਹਟਾਂ। ਪਰਉਪਕਾਰ ਦੇ ਰਾਹ ਉਤੇ ਅਡੋਲ ਅਗੇ ਵਧਦਾ ਖੜਗ ਸਿੰਘ ਮਨ ਵਿਚ ਵਿਚਾਰਦਾ ਹੈ-

ਕਿਉਂ ਤਨ ਕੀ ਮਨ ਸੰਕ ਕਰੈ ਥਿਰ ਤੋ ਜਗ ਮੈ ਅਬ ਤੂੰ ਨ ਰਹੈ ਹੈਂ। ਯਾ ਤੋ ਭਲੋ ਨ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈਂ। ਰੇ ਮਨ ਢੀਲ ਰਹਯੋ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੁਤੈ ਹੈਂ। ਸ਼ੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ ਭਿਛਕ ਹਾਥਿ ਨ ਐ ਹੈਂ। 1558॥

ਕੈਸੀ ਪਰਉਪਕਾਰੀ ਮੂਰਤ ਸਿਰਜਣ ਦੇ ਆਹਰ ਵਿਚ ਹੈ ਸਚਾ ਗੁਰੂ। ਕਾਸ਼ ! ਗੁਰਦੇਵ ਦੇ ਕੁਝ ਸੋਹਣੇ ਬਚਨ ਉਹਨਾਂ ਬਹੁਤੇ ਅਕਲਮੰਦਾਂ ਦੇ ਪੱਲੇ ਵੀ ਪੈ ਜਾਣ, ਜਿਨ੍ਹਾਂ ਨੂੰ ਦਿਨ-ਰਾਤ ਦਸਮ ਗ੍ਰੰਥ ਬਿਨਾ ਕਾਰਨ ਹੀ ਭੈਅ-ਭੀਤ ਕਰ ਰਿਹਾ ਹੈ। ਖੜਗ ਸਿੰਘ ਦੇ ਮੁਕਟ ਦਿੰਦਿਆਂ ਹੀ ਵੈਰੀ ਟੁਟ ਪਿਆ। ਪਰ ਖੜਗ ਸਿੰਘ ਸਭ ਦੇਵਤਿਆਂ ਦੀ ਸੈਨਾ ਨੂੰ ਤੀਰਾਂ ਨਾਲ ਵਿੰਨ੍ਹ ਦੇਂਦਾ ਹੈ। ਅਤਿਪਵਿਤ੍ਰ ਸਿੰਘ, ਮਹਾਜਸ ਸਿੰਘ, ਮਹਾਬਲੀ ਸਿੰਘ, ਤੇਜਸ ਸਿੰਘ ਸਭ ਮਾਰੇ ਗਏ ਹਨ। ਅਰਥਾਤ ਪਵਿਤ੍ਰਤਾ ਦੀਆਂ ਸਭ ਉਚਾਈਆਂ, ਮਾਨ-ਪ੍ਰਤਿਸ਼ਠਾ, ਬਲ ਅਤੇ ਤੇਜਸ ਖੜਗ ਸਿੰਘ ਦੇ ਪੈਰਾਂ ਵਿਚ ਰੁਲਦੇ ਹਨ। ਖੜਗ ਸਿੰਘ ਨੇ ਸ਼ੇਰ ਖਾਨ, ਸੈਦ ਖਾਂ, ਨਾਹਰ ਖਾਂ, ਸ਼ੇਖ ਸਾਦਿਕ, ਸ਼ੇਖ਼ ਫ਼ਰੀਦ ਸਭ ਧਰਤੀ ਦੀ ਕੁਖ ਵਿਚ ਦਫ਼ਨ ਕਰ ਦਿਤੇ। ਉਹ ਸਾਰੇ ਸੂਰਮਿਆਂ ਨੂੰ ਲਲਕਾਰ ਕੇ ਕਹਿੰਦਾ ਹੈ-

ਪਸਚਮਿ ਸੂਰ ਚੜੈ ਕਬਹੂੰ ਅਰੁ ਗੰਗ ਬਹੀ ਉਲਟੀ ਜੀਅ ਆਵੈ। ਜੇਠ ਕੇ ਮਾਸ ਤੁਖਾਰ ਪਰੇ ਬਨ ਅਉਰ ਬਸੰਤ ਸਮੀਰ ਜਰਾਵੈ। ਲੋਕ ਹਲੈ ਧਰੂਅ ਕੋ ਜਲ ਕੋ

ਥਲੁ ਹਇ ਥਲ ਕੋ ਕਬਹੂੰ ਜਲ ਜਾਵੈ। ਕੰਚਨੁ ਕੋ ਨਗੁ ਪੰਖਨ ਧਾਰਿ ਉਡੈ ਖੜਗੇਸ ਨ ਪੀਠ ਦਿਖਾਵੈ। 1613॥

ਹੁਣ ਕ੍ਰਿਸ਼ਨ ਦੀ ਮਦਦ ਉਤੇ ਪਾਂਡਵ ਆਏ। ਭੀਮ ਅਤੇ ਅਰਜੁਨ ਦੋਵੇਂ ਖੜਗ ਸਿੰਘ ਨਾਲ ਬਲਪੂਰਬਕ ਲੜੇ। ਅਰਜੁਨ ਨੇ ਖੜਗ ਸਿੰਘ ਨੂੰ ਤੀਰ ਮਾਰਿਆ, ਤਾਂ ਖੜਗ ਸਿੰਘ ਦੁਸ਼ਮਣ ਦੀ ਸਿਫ਼ਤ ਕਰਦਾ ਕਹਿੰਦਾ ਹੈ-

ਪਉਰਖ ਪੇਖ ਕੈ ਜੀ ਹਰਿਖਿਓ ਬਲ ਟੇਰ ਨਰੇਸ ਸੁ ਐਸ ਸੁਨਾਯੋ। ਧੰਨ ਪਿਤਾ ਧੰਨ ਵੇ ਜਨਨੀ ਜੁ ਧਨੰਜੈ ਨਾਮ ਜਿਨੋ ਸੁਤ ਜਾਯੋ। 1618॥

ਖੜਗ ਸਿੰਘ ਨੇ ਪਾਂਡਵ ਵੀ ਮਾਰ ਭਜਾਏ। ਬਹੁਤ ਸਪਸ਼ਟ ਹੈ ਕਿ ਗੁਰੂ ਜੀ ਕੌਰਵਾਂ ਅਤੇ ਪਾਂਡਵਾਂ, ਦੇਵਤਿਆਂ ਅਤੇ ਦੈਂਤਾਂ, ਧਰਤੀ ਅਤੇ ਆਕਾਸ਼-ਪਾਤਾਲ ਦੇ ਸਮੂਹ ਪ੍ਰਾਣਧਾਰੀਆਂ ਤੋਂ ਵਧੀਕ ਸਾਹਸੀ ਪੁਰਖ ਨਿਰਮਿਤ ਕਰਨਾ ਚਾਹੁੰਦੇ ਸਨ। ਪਾਂਡਵਾਂ ਤੋਂ ਇਲਾਵਾ ਦੁਰਯੋਧਨ ਦੀ ਸੈਨਾ ਆਈ। ਕੌਰਵਾਂ ਪਾਂਡਵਾਂ ਦੇ ਮਿਲੇ-ਜੁਲੇ ਮੁਕਾਬਲੇ ਮਗਰੋਂ ਹੁਣ ਸ੍ਰੀ ਕ੍ਰਿਸ਼ਨ ਅਤੇ ਖੜਗ ਸਿੰਘ ਆਹਮੋ-ਸਾਹਮਣੇ ਹੋਏ, ਪਰ ਸ੍ਰੀ ਕ੍ਰਿਸ਼ਨ ਅਸਫਲ ਰਹੇ। ਇਸ ਲਾਚਾਰੀ ਵਿਚ ਸ਼ਿਵ ਨੇ ਇਕ ਉਪਾਅ ਸੋਚ ਕੇ ਮਿਟੀ ਤੋਂ ਅਜੀਤ ਸਿੰਘ ਨਾਮ ਦਾ ਪੁਤਲਾ ਬਣਾਇਆ। ਕ੍ਰਿਸ਼ਨ ਜੀ ਨੇ ਉਸ ਪੁਤਲੇ ਵਿਚ ਸਾਹ ਪਾਏ ਅਤੇ ਸ਼ਿਵ ਨੇ ਵਰ ਦਿਤਾ ਕਿ ਉਸ ਨੂੰ ਕੋਈ ਵੀ ਮਾਰ ਨਹੀਂ ਸਕੇਗਾ। ਅਜੀਤ ਸਿੰਘ ਦੀ ਮਦਦ ਲਈ ਸਭ ਦੇਵਤੇ ਬੁਲਾਏ ਗਏ। ਹੁਣ ਕ੍ਰਿਸ਼ਨ, ਸ਼ਿਵ ਅਤੇ ਬ੍ਰਹਮਾ ਯੁਧ-ਨੀਤੀ ਸੰਬੰਧੀ ਵਿਚਾਰ ਕਰਨ ਲਗੇ, ਤਾਂ ਬ੍ਰਹਮਾ ਨੇ ਸਲਾਹ ਦਿਤੀ ਕਿ ਸੂਰਬੀਰ ਕਾਮ ਅਗੇ ਹੀ ਬਲ ਹਾਰ ਸਕਦਾ ਹੈ। ਇਹ ਵਿਚਾਰ ਕੇ ਸੁਰਗਪਰੀਆਂ ਬੁਲਾਈਆਂ ਗਈਆਂ। ਖੜਗ ਸਿੰਘ ਦਾ ਦੇਵਾਂਗਣਾਂ ਵਲ ਧਿਆਨ ਜਾਂਦਿਆਂ ਹੀ ਕ੍ਰਿਸ਼ਨ ਨੇ ਤੀਰ ਮਾਰ ਕੇ ਉਸ ਨੂੰ ਮੂਰਛਿਤ ਕਰ ਦਿਤਾ। ਬ੍ਰਹਮਾ ਕੋਲ ਆਇਆ, ਆਖਿਆ ਹੁਣ ਸਵਰਗ ਜਾਓ, ਜੋ ਚਾਹੁੰਦੇ ਹੋ ਮਿਲੇਗਾ।

ਗੁਰੂ ਗੋਬਿੰਦ ਸਿੰਘ ਦਾ ਇਹ ਖੜਗ ਸਿੰਘ ਕਹਿਣ ਲਗਾ-

ਮੋ ਸੋ ਬੀਰ ਸਸਤ੍ਰ ਜਬ ਧਾਰੈ। ਕਹੋ ਬਿਸਨ ਬਿਨੁ ਕਾ ਸੋਂ ਲਰੈ। 1686 ।
ਤੁਮ ਸਬ ਜਾਨਤ ਬਿਸ੍ਵ-ਕਰ ਖੜਗ ਸਿੰਘ ਮੋਹਿ ਨਾਉਂ।
ਲਾਜ ਆਪਨੇ ਨਾਉਂ ਕੀ ਕਹੋ ਕਹਾਂ ਭੱਜਿ ਜਾਉਂ। 1687॥

ਉਪਰੋਕਤ ਕਹਾਣੀ ਫ਼ਜ਼ੂਲ ਨਹੀਂ, ਇਸ ਦੇ ਗੂੜ੍ਹੇ ਅਧਿਆਤਮਿਕ ਅਰਥ ਹਨ। ਖੜਗ ਸਿੰਘ ਬਲਧਾਰੀ ਹੈ, ਜਿਸ ਦੀ ਸ਼ਸਤ੍ਰ ਵਿਦਿਆ ਦਾ ਮੁਕਾਬਲਾ ਧਰਤੀ ਅਤੇ ਆਕਾਸ਼ ਦਾ ਕੋਈ ਪ੍ਰਾਣਧਾਰੀ ਨਹੀਂ ਕਰ ਸਕਦਾ, ਪਰ ਅਜੀਤ ਸਿੰਘ ਉਹ ਹੋ ਸਕਦਾ ਹੈ, ਜੋ ਖੜਗ ਸਿੰਘ ਦੇ ਸਾਰੇ ਗੁਣਾਂ ਦਾ ਧਾਰਨੀ ਤਾਂ ਹੋਵੇ, ਨਾਲ ਹੀ ਕਾਮ ਦੇ ਬਾਣਾਂ ਤੋਂ ਸਰਬ-ਭਾਂਤ ਆਪਣੀ ਸੁਰਖਿਆ ਕਰਨ ਲਈ ਸੁਚੇਤ ਹੋਵੇ। ਉਹ ਸਰੀਰ ਨੂੰ ਮਿਟੀ ਦਾ ਪੁਤਲਾ ਜਾਣੇ ਅਤੇ ਪ੍ਰਾਣਾਂ ਨੂੰ ਪਰਮੇਸ਼ਰ ਦੀ ਪੂੰਜੀ। ਉਸ ਦੇ ਸਵਾਸ ਪਰਮੇਸ਼ਰ ਦੇ ਸਿਮਰਨ ਵਿਚ ਅਭੇਦ ਹੋਣ।

ਜਦੋਂ ਯੋਧਾ ਸੰਸਾਰ ਤੋਂ ਜਾਂਦਾ ਹੈ, ਤਾਂ ਉਹ ਆਪਣਾ ਮਨ ਦੁਨੀਆ ਦੀਆਂ ਸਮਸਤ ਪਕੜਾਂ ਤੋਂ ਆਜ਼ਾਦ ਰਖੇ, ਇਸ ਪ੍ਰੇਰਨਾ ਹਿਤ ਬ੍ਰਹਮਾ ਤੋਂ ਖੜਗ ਸਿੰਘ ਨੂੰ ਉਪਦੇਸ਼ ਦਿਵਾਇਆ ਹੈ-

ਬਹੁਰਿ ਬਿਧਾਤਾ ਭੂਪਤਿ ਕੋ ਇਹ ਬਿਧਿ ਕਹਿਯੋ। ਭਗਤਿ ਗਯਾਨ ਕੋ ਤਤੁ ਭਲੀ ਬਿਧਿ ਤੈਂ ਲਹਿਯੋ। ਤਾ ਤੇ ਅਬ ਤਨ ਸਾਥਹਿ ਸੁਰਗਿ ਸਿਧਾਰੀਐ। ਹੋ ਮੁਕਤ ਓਰ ਕਰਿ ਦ੍ਰਿਸਟਿ ਨ ਜੁਧ ਨਿਹਾਰੀਐ। 1691॥

ਖੜਗ ਸਿੰਘ ਦਾ ਮਨ ਅੰਤਿਮ ਸਮੇਂ ਸਭ ਵਾਸ਼ਨਾਵਾਂ ਤੋਂ ਮੁਕਤ ਹੈ, ਜਿਵੇਂ ਮੁਕਤੀ-ਦਾਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਭਾਈ ਮਹਾ ਸਿੰਘ ਦਾ। ਖੜਗ ਸਿੰਘ ਬ੍ਰਹਮਾ ਨੂੰ ਉਪਦੇਸ਼ ਕਰਦਾ ਹੈ ਕਿ ਉਸ ਨਾਲ ਲੜ ਕੇ (ਭਾਵ ਉਸ ਲਈ ਲੜ ਕੇ) ਮਰਨਾ ਚਾਹੀਦਾ ਹੈ, ਜਿਸ ਪਰਮ-ਹਸਤੀ ਦਾ ਨਾਮ ਚਾਰ ਜੁਗਾਂ ਵਿਚ ਹਮੇਸ਼ਾ ਜਪਿਆ ਜਾਂਦਾ ਹੈ-

ਜਿਹ ਕੋ ਜੁਗ ਚਾਰ ਮੈ ਨਾਉਂ ਜਪੈ, ਤਿਹ ਸੋਂ ਲਰਿ ਕੈ ਮਰੀਐ ਤਰੀਐ। 1688॥

ਕ੍ਰਿਸ਼ਨਾਵਤਾਰ ਦੀ ਇਹ ਕਥਾ ਦਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਇਕ ਅਜਿਹਾ ਖੜਗਧਾਰੀ ਮਨੁੱਖ ਨਿਰਮਿਤ ਕਰਨਾ ਚਾਹੁੰਦੇ ਸਨ, ਜੋ ਸਰੀਰਕ ਬਲ, ਯੁਧ-ਨੀਤੀ, ਸ਼ਸਤ੍ਰ-ਵਿਦਿਆ ਆਦਿ ਵਿਚ ਪੂਰੀ ਤਰ੍ਹਾਂ ਨਿਪੁੰਨ ਸੂਰਬੀਰ ਹੋਵੇ। ਜਿਸ ਨੂੰ ਕਾਮ ਸਹਿਤ ਲੋਕ-ਪਰਲੋਕ ਦੀ ਕੋਈ ਸ਼ਕਤੀ ਨ ਮਾਰ ਸਕੇ। ਕਾਮ ਨੂੰ ਜਿਤਣ ਵਾਲਾ ਹੀ ਜੰਗਾਂ ਦਾ ਅੰਤਿਮ ਜੇਤੂ ਹੈ। ਕਾਮ ਕਿਹੜੇ ਤਰੀਕਿਆਂ ਨਾਲ ਮਾਰਦਾ ਹੈ, ਉਹ 'ਚਰਿਤਰੋਪਾਖਿਆਨ' ਵਿਚ ਵਰਣਿਤ ਹੈ। ਜੇ ਦਸਮ ਗ੍ਰੰਥ ਦੇ ਇਤਨੇ ਕੁ ਹਿਸੇ ਵਿਚ ਜੀਵਨਵਿਵਹਾਰ ਸੰਬੰਧੀ ਇਸ ਤਰ੍ਹਾਂ ਦੇ ਕੀਮਤੀ ਬਚਨ ਪਏ ਹਨ, ਤਾਂ ਸਾਰੇ ਦਸਮ ਗ੍ਰੰਥ ਵਿਚ ਕਿਤਨੇ ਰਤਨ-ਪਦਾਰਥ ਹੋ ਸਕਦੇ ਹਨ, ਇਹ ਵਿਚਾਰ ਕਰਨ ਨਾਲ ਸਮਝ ਆ ਸਕਦਾ ਹੈ, ਨਿਰੀ ਬਹਿਸਬਾਜ਼ੀ ਨਾਲ ਨਹੀਂ। ਦਸਮ ਗ੍ਰੰਥ ਦੇ ਸੰਬੰਧ ਵਿਚ ਜਿਸ ਬ੍ਰਾਹਮਣਵਾਦ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ, ਉਸ ਦੇ ਸਾਰੇ ਦੇਵੀ-ਦੇਵਤੇ, ਬੀਰ-ਬਹਾਦਰ, ਅਵਤਾਰ, ਧਰਮ-ਕਰਮ, ਸੁਰਗ-ਨਰਕ ਆਦਿ ਖੜਗ ਸਿੰਘ ਦੇ ਪੈਰਾਂ ਹੇਠ ਰੁਲਦੇ ਦਿਸ ਰਹੇ ਹਨ, ਪਤਾ ਨਹੀਂ ਕਿਸ ਵਿਵੇਕ ਨਾਲ ਇਹੋ ਜਿਹੀਆਂ ਰਚਨਾਵਾਂ ਨੂੰ ਬ੍ਰਾਹਮਣਵਾਦ ਦੀ ਸਾਜ਼ਿਸ਼ ਦੱਸ ਕੇ ਭਰਮ ਪੈਦਾ ਕੀਤਾ ਜਾ ਰਿਹਾ ਹੈ ? 

Comments (0)
Only registered users can write comments!
 
Banner

Featured Videos

Smallest Beerh of Sri Dasam GranthThis first copy of the beerh was created by Bhai Balwinder Singh (Takhat Sri Hazur Sahib) and was presented to 'Sant Sipahi' magazine
Giani Gurbachan Singh, Jathedar Sri Akal Takhat SahibGiani Gurbachan Singh, Jathedar Sri Akal Takhat Sahib, talks about maryada and his tenure as sevadaar at Sri Darbar Sahib, Muktsar Sahib. He mentions how, he as a sevadaar, used to perform seva of doing parkash and taking hukamnama from Sri Guru Granth Sahib and Sri Dasam Granth Sahib

Gurbani Recitation with Translation

Banner

New Book Released

Banner
Banner
Banner

Thus said the Master...

ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।  (ਚੌਬੀਸ, 21)

Sri Guru Gobind Singh Sahib
Chaubees Avtar

Stay Tuned!

Banner
Join us on Facebook and keep yourself updated with the contents of this website

Gurmukhs on Sri Dasam Granth

Banner
Bhai Kahn Singh Nabha
Banner
Prof. Puran Singh
Banner
Sirdar Kapur Singh
Banner
Shaheed Sant Jarnail Singh Bhindranwale
Banner
Giani Sant Singh Maskeen
Banner
Bhai Sahib Randhir Singh
Banner
Prof Sahib Singh

Guru's Sikhs

Reading your banee Sri Gobind Singh;

One gets salvation in this World and beyond.

A Saint becomes a Soldier, and a Soldier becomes a Saint;

And both these traits become visible through your banee.

Kavi Gawaal is short of words to praise My Lord!;

I feel Your presence around me and at every step.

A Sikh who utters your banee becomes a Lion by definition,

He becomes a Lion in the battlefield and a Lion in the real world.

 (Kavi Gawaal, Gur Mahima Ratnavali. Page 253)

 

 

 

 

Share This Article

Corrupted!

Banner

Thus said the Master...

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥  ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ ॥੯੮੩ ॥


This (part of the) Granth has been prepared after revision in Paonta city on Wednesday in Sawan Sudi Samvat 1744 (August 1687 AD). 983.

Sri Guru Gobind Singh Sahib
Krishnavtar (Chaubees Avtar)